ਲੰਡਨ : ਲਿਬਰਲ ਡੈਮੋਕ੍ਰੇਟਿਕ ਪਾਰਟੀ ਨੇ ਸੋਮਵਾਰ ਨੂੰ ਭਾਰਤੀ ਮੂਲ ਦੀ ਉਦਯੋਗਪਤੀ ਗੀਤਾ ਸਿੱਧੂ ਰੌਬ ਨੂੰ ਧਾਰਮਿਕ ਟਿੱਪਣੀਆਂ ਕਰਨ ਦੇ ਦੋਸ਼ ‘ਚ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਦੱਸ ਦਈਏ ਕਿ ਲੰਡਨ ਦੀ ਰਹਿਣ ਵਾਲੀ ਉਦਯੋਗਪਤੀ ਗੀਤਾ ਸਿੱਧੂ ਰੌਬ ਨੂੰ ਅਗਲੇ ਸਾਲ ਹੋਣ ਵਾਲੀ ਲੰਡਨ ਮੇਅਰ ਚੋਣ ਲਈ ਲਿਬਰਲ ਡੈਮੋਕ੍ਰੇਟਿਕ ਉਮੀਦਵਾਰ ਦੇ ਤੌਰ ‘ਤੇ ਚੁਣਿਆ ਗਿਆ ਸੀ। ਉਨ੍ਹਾਂ ਦੀ ਟੱਕਰ ਲੇਬਰ ਪਾਰਟੀ ਦੇ ਸਾਦਿਕ ਖਾਨ ਨਾਲ ਸੀ।
ਦਰਅਸਲ ਸਾਲ 1997 ਦੀਆਂ ਆਮ ਚੋਣਾਂ ਦੌਰਾਨ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੀਤਾ ਸਿੱਧੂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਵੀਡੀਓ ‘ਚ ਗੀਤਾ ਸਿੱਧੂ ਯਹੂਦੀਆਂ ਵਿਰੁੱਧ ਟਿੱਪਣੀ ਕਰਦੀ ਨਜ਼ਰ ਆ ਰਹੀ ਹੈ। ਇਥੇ ਦੱਸ ਦਈਏ ਕਿ ਗੀਤਾ ਸਿੱਧੂ ਨੇ ਅੱਜ ਤੋਂ ਕਰੀਬ 23 ਸਾਲ ਪਹਿਲਾਂ ਕੰਜ਼ਰਵੇਟਿਵ ਪਾਰਟੀ ਦੀ ਤਰਫੋਂ ਆਮ ਚੋਣ ਵਿਚ ਬਲੈਕਬਰਨ ਤੋਂ ਉਮੀਦਵਾਰ ਰਹੀ ਗੀਤਾ ਸਿੱਧੂ ਨੇ ਉਸ ਸਮੇਂ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਜੈਕ ਸਟਰਾਅ ਬਾਰੇ ਕਿਹਾ ਸੀ, ‘ਯਹੂਦੀ ਨੂੰ ਵੋਟ ਨਾ ਦਿਓ, ਜੈਕ ਸਟਰਾਅ ਇਕ ਯਹੂਦੀ ਹੈ।’
ਹਾਲਾਂਕਿ ਗੀਤਾ ਸਿੱਧੂ ਨੇ ਆਪਣੀ ਇਸ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਗੀਤਾ ਨੇ ਲਿਖਿਆ, ‘ਸਮਾਜ ਵਿਚ ਕਿਸੇ ਵੀ ਕਿਸਮ ਦੇ ਨਸਲਵਾਦ ਅਤੇ ਸਮਾਜ ਵਿਰੋਧੀ ਟਿੱਪਣੀਆਂ ਦੀ ਕੋਈ ਜਗ੍ਹਾ ਨਹੀਂ ਹੈ, ਇਸ ਲਈ ਮੈਂ ਉਸ ਸਮੇਂ ਦੇ ਆਪਣੇ ਵਿਵਹਾਰ ਅਤੇ ਟਿੱਪਣੀ ਲਈ ਸਭ ਤੋਂ ਮੁਆਫੀ ਮੰਗਦੀ ਹਾਂ’। ਗੀਤਾ ਨੇ ਕਿਹਾ ਕਿ ਉਹ ਉਸ ਸਮੇਂ ਦੀਆਂ ਟਿੱਪਣੀਆਂ ਲਈ ਬਹੁਤ ਸ਼ਰਮਿੰਦਾ ਹੈ।