ਅਫਰੀਕੀ ਦੇਸ਼ ਘਾਨਾ ‘ਚ ਧਮਾਕਾ 17 ਦੀ ਮੌਤ, 59 ਜ਼ਖਮੀ

TeamGlobalPunjab
2 Min Read

ਘਾਨਾ- ਅਫਰੀਕੀ ਦੇਸ਼ ਘਾਨਾ ‘ਚ ਮਾਈਨਿੰਗ ਵਿਸਫੋਟਕਾਂ ਨਾਲ ਭਰੇ ਟਰੱਕ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 59 ਜ਼ਖਮੀ ਹੋਏ ਹਨ। ਐਮਰਜੈਂਸੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਐਪੀਟ ਹਸਪਤਾਲ ਦੇ ਡਾਕਟਰ ਜੋਸੇਫ ਡਾਰਕੋ ਨੇ ਕਿਹਾ ਕਿ ਜ਼ਖਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਇੱਕ ਪੰਜ ਸਾਲਾ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਹਾਦਸਾ ਰਾਜਧਾਨੀ ਅਕਰਾ ਦੇ ਪੱਛਮ ਵਿੱਚ ਲਗਭਗ 300 ਕਿਲੋਮੀਟਰ ਦੂਰ ਸਥਿਤ ਬੋਗੋਸੋ ਦੇ ਮਾਈਨਿੰਗ ਕਸਬੇ ਦੇ ਨੇੜੇ ਐਪੀਏਟ ਵਿਚ ਵਾਪਰਿਆ। ਮਾਈਨਿੰਗ ਵਿਸਫੋਟਕਾਂ ਨਾਲ ਭਰਿਆ ਇੱਕ ਟਰੱਕ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਕਾਰਨ ਧਮਾਕਾ ਹੋਇਆ।ਧਮਾਕੇ ਕਾਰਨ ਸੈਂਕੜੇ ਇਮਾਰਤਾਂ ਢਹਿ ਗਈਆਂ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ। ਢਹਿ-ਢੇਰੀ ਹੋਏ ਘਰਾਂ ਅਤੇ ਇਮਾਰਤਾਂ ‘ਚ ਕਈ ਲੋਕ ਫਸੇ ਹੋਏ ਪਾਏ ਗਏ, ਜਿਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਸੇਜੀ ਸਾਜੀ ਅਮੇਡੋਨੂ ਨੇ ਧਮਾਕੇ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਮਾਕੇ ਕਾਰਨ 500 ਤੋਂ ਵੱਧ ਇਮਾਰਤਾਂ ਢਹਿ ਗਈਆਂ ਹਨ। ਹੁਣ ਤੱਕ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਲਾਸ਼ਾਂ ਅਤੇ ਜ਼ਖਮੀਆਂ ਨੂੰ ਜ਼ਮੀਨ ‘ਤੇ ਪਏ ਦੇਖਿਆ ਜਾ ਸਕਦਾ ਹੈ। ਇਸ ਖੇਤਰ ਦੀਆਂ ਲਗਭਗ ਸਾਰੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ।

ਘਾਨਾ ਦੇ ਰਾਸ਼ਟਰਪਤੀ ਨਾਨਾ ਅਕੁਫੋ-ਅਡੋ ਨੇ ਕਿਹਾ ਕਿ ਇਹ ਧਮਾਕਾ ਦੁਖਦਾਈ ਅਤੇ ਮੰਦਭਾਗਾ ਸੀ। ਇਸ ਕਾਰਨ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਜਾਇਦਾਦ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਨਾਲ ਪੂਰੇ ਘਾਨਾ ਵਿੱਚ ਸੋਗ ਦੀ ਲਹਿਰ ਹੈ।

- Advertisement -

Share this Article
Leave a comment