-ਅਵਤਾਰ ਸਿੰਘ
ਉਘੇ ਲੇਖਕ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪਰਿਵਾਰ ਵਿੱਚ ਹੋਇਆ।
ਉਨ੍ਹਾਂ ਦਾ ਆਪਣਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਜੈਤੋ ਹੀ ਰਹਿੰਦੇ ਸਨ। ਉਨ੍ਹਾਂ ਦੇ ਤਿੰਨ ਭਰਾ ਤੇ ਇੱਕ ਭੈਣ ਹਨ।
ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣ ਦਾ ਕੰਮ ਕੀਤਾ। ਦਸਵੀਂ ਪਾਸ ਕਰਕੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਕੀਤੀ ਫਿਰ ਘਾਲਣਾ ਘਾਲ ਕੇ ਉਚੇਰੀ ਵਿੱਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਾਰ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਿਟੀ ਵਿੱਚ ਰੀਡਰ ਬਣੇ ਅਤੇ 1995 ਵਿੱਚ ਪ੍ਰੋਫੈਸਰੀ ਤੋਂ ਸੇਵਾ ਮੁਕਤ ਹੋਏ।
ਉਨ੍ਹਾਂ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਉਨ੍ਹਾਂ ਨੇ ਕਈ ਰਚਨਾਵਾਂ ਰਚੀਆਂ।
ਮੜ੍ਹੀ ਦਾ ਦੀਵਾ (1964) ਅਣਹੋਏ, ਰੇਤੇ ਦੀ ਇੱਕ ਮੁੱਠੀ, ਕੁਵੇਲਾ, ਅੱਧ ਚਾਨਣੀ ਰਾਤ,ਆਥਣ, ਉੱਗਣ, ਅੰਨ੍ਹੇ ਘੋੜੇ ਦਾ ਦਾਨ,ਪਹੁ ਫੁਟਾਲੇ ਤੋਂ ਪਹਿਲਾਂ, ਪਰਸਾ (1992) ਆਹਣ (2009) ਨਾਵਲ ਲਿਖੇ।
ਉਨ੍ਹਾਂ ਦੇ ਕਹਾਣੀ ਸੰਗ੍ਰਿਹ ਸੱਗੀ ਫੁੱਲ, ਚੰਨ ਦਾ ਬੂਟਾ, ਓਪਰ ਘਰ, ਕੁੱਤਾ ’ਤੇ ਆਦਮੀ, ਮਸਤੀ, ਬੋਤਾ, ਰੁੱਖੇ ਮਿੱਸੇ, ਬੰਦੇ, ਬੇਗਾਨਾ ਪਿੰਡ,ਚੌਣਵੀਆਂ ਕਹਾਣੀਆਂ, ਪੱਕਾ ਟਿਕਾਣਾ, ਕਰੀਰ ਦੀ ਢਿੰਗਰੀ ਆਦਿ ਰਚਨਾਵਾਂ ਹਨ।
ਵੱਖ ਵੱਖ ਰਚਨਾਵਾਂ ਲਈ ਉਨ੍ਹਾਂ ਨੂੰ ਕਈ ਇਨਾਮਾਂ ਤੇ ਐਵਾਰਡਾਂ ਨਾਲ ਸਨਮਾਨਤ ਵੀ ਕੀਤਾ ਗਿਆ। ਗੁਰਦਿਆਲ ਸਿੰਘ ਨੂੰ 1998 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਐਵਾਰਡ,1999 ਵਿੱਚ ਗਿਆਨਪੀਠ ਐਵਾਰਡ, ਭਾਰਤੀ ਸਾਹਿਤ ਅਕਾਦਮੀ ਐਵਾਰਡ, ਅੱਧ ਚਾਨਣੀ ਰਾਤ (1975), ਨਾਨਕ ਸਿੰਘ ਨਾਵਲਿਸਟ ਐਵਾਰਡ (1975), ਸੋਵੀਅਤ ਨਹਿਰੂ ਐਵਾਰਡ (1986), ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਅਤੇ ਹੋਰ ਅਨੇਕ ਮਾਣ ਸਨਮਾਨ ਹਾਸਲ ਕੀਤੇ। ਉਨ੍ਹਾਂ ਦੇ ਬਹੁਤ ਸਾਰੇ ਨਾਵਲ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਛਾਪੇ ਗਏ।
2012 ਵਿੱਚ ਉਨ੍ਹਾਂ ਨੂੰ ਬਿਨਾਂ ਕਿਸੇ ਸ਼ਿਫਾਰਸ ਦੇ ਉਪ ਰਾਸ਼ਟਰਪਤੀ ਦੁਆਰਾ ਸਾਹਿਤਕ ਰੁਤਬੇ ਕਾਰਨ ਸੈਨੇਟ ਮੈਂਬਰ ਨਾਮਜ਼ਦ ਕੀਤਾ ਗਿਆ। “ਅੰਨੇ ਘੋੜੇ ਦਾ ਦਾਨ” ਨਾਵਲ ‘ਤੇ ਫਿਲਮ ਬਣੀ ਜੋ ‘ਆਸਕਰ’ ਐਵਾਰਡ ਲਈ ਚੁਣੀ ਜਾਣ ਵਾਲੀ ਪੰਜਾਬੀ ਫਿਲਮ ਸੀ।
ਭਾਰਤੀ ਸਾਹਿਤ ਅਕਾਦਮੀ ਵਲੋਂ 28 ਅਗਸਤ 2016 ਨੂੰ ਦਿੱਤੀ ਜਾ ਰਹੀ ਫੈਲੋਸ਼ਿਪ ਰਸਮੀ ਤੌਰ ‘ਤੇ ਸਵੀਕਾਰ ਕਰਨ ਤੋਂ ਪਹਿਲਾਂ ਹੀ 16 ਅਗਸਤ 2016 ਨੂੰ ਮਹਾਨ ਸਾਹਿਤਕਾਰ ਗੁਰਦਿਆਲ ਸਿੰਘ ਜੀ ਇਸ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਕੇ ਚਲਾ ਗਿਆ।