ਤਲਵੰਡੀ, ਮੋਹਕਮ ਸਿੰਘ ਅਤੇ ਹੋਰ ਢੀਂਡਸਾ ਨਾਲ ! ਸੁਖਬੀਰ ਲਈ ਬਣੀ ਪਰਖ ਦੀ ਘੜੀ !

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ

ਮੌਜੂਦਾ ਸਮੇਂ ਅਕਾਲੀ ਦਲ ਨੂੰ ਪੰਥਕ ਮਾਮਲਿਆਂ ‘ਚ ਸਭ ਤੋਂ ਵੱਡੀ ਚੁਣੌਤੀ ਅਕਾਲੀ ਦਲ (ਬਾਦਲ) ਨੂੰ ਤਿਲਾਂਜਲੀ ਦੇ ਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਦਾ ਵਿਰੋਧ ਕਰਨ ਵਾਲੇ ਸੀਨੀਅਰ ਅਕਾਲੀ ਆਗੂਆਂ ਵੱਲੋਂ ਦਿੱਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਜਦੋਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਵੱਲੋਂ ਅਕਾਲੀ ਦਲ (ਟਕਸਾਲੀ) ਬਣਾਇਆ ਗਿਆ ਤਾਂ ਸੁਖਬੀਰ ਬਾਦਲ ਦੇ ਹਮਾਇਤੀਆਂ ਨੇ ਆਪਣੇ ਵਿਰੋਧੀ ਬਾਗੀ ਟਕਸਾਲੀ ਆਗੂਆਂ ਦਾ ਮਜ਼ਾਕ ਉਡਾਇਆ। ਘਰ ‘ਚ ਚੁੱਪ ਬੈਠੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਮੈਦਾਨ ‘ਚ ਆ ਗਏ ਤਾਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਲੋਸਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਲ ਨਾ ਬਣੀ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਨਵਾਂ ਅਕਾਲੀ ਦਲ ਕਾਇਮ ਹੋ ਗਿਆ। ਜਥੇਦਾਰ ਬ੍ਰਹਮਪੁਰਾ ਨੂੰ ਛੱਡ ਕੇ ਜਥੇਦਾਰ ਸੇਖਵਾਂ ਅਤੇ ਬੀਰਦਵਿੰਦਰ ਸਿੰਘ ਢੀਂਡਸਾ ਨਾਲ ਆ ਗਏ ਤਾਂ ਜਥੇਦਾਰ ਬ੍ਰਹਮਪੁਰਾ ਹਸਪਤਾਲ ‘ਚ ਦਾਖਲ ਸਨ। ਉਨ੍ਹਾਂ ਨੇ ਢੀਂਡਸਾ ਵੱਲੋਂ ਜਥੇਦਾਰ ਸੇਖਵਾਂ ਨੂੰ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਕੀਤਾ। ਇਹ ਪਤਾ ਲਗਦਿਆਂ ਹੀ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਹਸਪਤਾਲ ‘ਚ ਜਥੇਦਾਰ ਬ੍ਰਹਮਪੁਰਾ ਕੋਲ ਚਲੇ ਗਏ। ਜਥੇਦਾਰ ਬ੍ਰਹਮਪੁਰਾ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਅਕਾਲੀ ਦਲ (ਬਾਦਲ) ਦੇ ਆਗੂਆਂ ਨੇ ਜਥੇਦਾਰ ਬ੍ਰਹਮਪੁਰਾ ਨੂੰ ਵਾਪਸ ਅਕਾਲੀ ਦਲ ‘ਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਜਥੇਦਾਰ ਬ੍ਰਹਮਪੁਰਾ ਨੇ ਢੀਂਡਸਾ ਅਤੇ ਉਸ ਦੇ ਸਾਥੀਆਂ ਦੀ ਆਲੋਚਨਾ ਕੀਤੀ ਪਰ ਉਹ ਸੁਖਬੀਰ ਬਾਦਲ ਵਾਲੇ ਵਿਰੋਧ ਦੇ ਮੁੱਦੇ ‘ਤੇ ਕਾਇਮ ਰਹੇ। ਸੂਤਰਾਂ ਅਨੁਸਾਰ ਅਕਾਲੀ ਦਲ (ਟਕਸਾਲੀ) ਅਤੇ ਢੀਂਡਸਾ ਦੇ ਕਈ ਆਗੂਆਂ ਦੀਆਂ ਇਸ ਘਟਨਾ ਤੋਂ ਬਾਅਦ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਦੋਹਾਂ ਧੜਿਆਂ ਵੱਲੋਂ ਸੰਕੇਤ ਆ ਰਹੇ ਹਨ ਕਿ ਜਥੇਦਾਰ ਬ੍ਰਹਮਪੁਰਾ ਨੂੰ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ‘ਚ ਸਰਪ੍ਰਸਤ ਦਾ ਰੁਤਬਾ ਪੇਸ਼ ਕਰਨ ਬਾਰੇ ਸਹਿਮਤੀ ਹੋ ਗਈ ਹੈ। ਜੇਕਰ ਇਹ ਸੁਝਾਅ ਸਿਰੇ ਚੜ੍ਹ ਜਾਂਦਾ ਹੈ ਤਾਂ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪੰਥਕ ਮਾਮਲਿਆਂ ਵਿੱਚ ਆਪਣੇ ਹੀ ਪੁਰਾਣੇ ਸਾਥੀਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ।

ਨਵੇਂ ਅਕਾਲੀ ਦਲ ‘ਚ ਆਏ ਦਿਨ ਕੋਈ ਨਾ ਕੋਈ ਨਵੇਂ ਪੰਥਕ ਅਤੇ ਰਾਜਸੀ ਚੇਹਰੇ ਸ਼ਾਮਲ ਹੋ ਰਹੇ ਹਨ। ਮਿਸਾਲ ਵਜੋਂ ਰਣਜੀਤ ਸਿੰਘ ਤਲਵੰਡੀ ਬਾਦਲਾਂ ਨੂੰ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਰਣਜੀਤ ਸਿੰਘ ਵਿਧਾਇਕ ਰਹੇ ਹਨ ਅਤੇ ਅਕਾਲੀ ਦਲ ‘ਚ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਬੇਟੇ ਹਨ। ਜਥੇਦਾਰ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ। ਜਥੇਦਾਰ ਤਲਵੰਡੀ ਦੇ ਪਿਤਾ ਨੇ ਗਿਆਨੀ ਕਰਤਾਰ ਸਿੰਘ ਨੂੰ ਵਿਧਾਨ ਸਭਾ ਚੋਣ ਲੜਨ ਵਾਸਤੇ ਜ਼ਮੀਨ ਦੀ ਸ਼ਰਤ ਪੂਰੀ ਕਰਨ ਲਈ 50 ਏਕੜ ਜ਼ਮੀਨ ਗਿਆਨੀ ਕਰਤਾਰ ਸਿੰਘ ਦੇ ਨਾਂ ਕਰਵਾ ਦਿੱਤੀ ਸੀ। ਅਜਿਹਾ ਪਰਿਵਾਰ ਜਦੋਂ ਬਾਦਲਾਂ ਨੂੰ ਛੱਡ ਕੇ ਜਾ ਰਿਹਾ ਹੈ ਤਾਂ ਹਰ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਇਸ ਨਾਲ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਕਿ ਨੁਕਸਾਨ ਹੋਵੇਗਾ। ਇਨ੍ਹਾਂ ਹੀ ਦਿਨਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਆਪਣੇ ਸਾਥੀਆਂ ਨਾਲ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾ ਨਵੀਂ ਪੀੜੀ ‘ਚ ਚੰਗਾ ਪ੍ਰਭਾਵ ਹੈ। ਇਹ ਸਿਲਸਿਲਾ ਆਉਣ ਵਾਲੇ ਦਿਨਾਂ ‘ਚ ਵੀ ਰੁਕਦਾ ਨਜ਼ਰ ਨਹੀਂ ਆ ਰਿਹਾ।

ਹੁਣ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਢੀਂਡਸਾ ਦੀ ਅਗਵਾਈ ਹੇਠ ਆ ਗਏ ਹਨ। ਇਸ ਨਾਲ ਇਸ ਧੜੇ ਨੂੰ ਹੋਰ ਤਾਕਤ ਮਿਲੇਗੀ। ਪੰਥਕ ਖੇਤਰ ‘ਚ ਸੁਖਬੀਰ ਸਿੰਘ ਬਾਦਲ ਨੂੰ ਅਗਲੇ ਦਿਨਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਇਸ ਬਾਰੇ ਕੋਈ ਦੋ ਰਾਇ ਨਹੀਂ ਕਿ ਅੱਜ ਦੇ ਸਮੇਂ ‘ਚ ਸੁਖਬੀਰ ਬਾਦਲ ਕੋਲ ਪਿੰਡ ਪੱਧਰ ਤੱਕ ਇੱਕ ਮਜ਼ਬੂਤ ਪਾਰਟੀ ਦਾ ਢਾਂਚਾ ਹੈ ਪਰ ਇਹ ਢਾਂਚਾ ਪਿਛਲੀ ਵਿਧਾਨ ਸਭਾ ਚੋਣ ਵੇਲੇ ਬੁਰੀ ਤਰ੍ਹਾਂ ਮੂਧੇ ਮੂੰਹ ਡਿੱਗਾ। ਕੀ ਸੁਖਬੀਰ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ‘ਚ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰ ਸਕੇਗਾ। ਵੇਖੋ! ਅਕਾਲੀ ਦਲ ਦਾਅਵਾ ਜ਼ਰੂਰ ਕਰ ਰਿਹਾ ਹੈ ਪਰ ਪਤਾ ਤਾਂ ਇਮਤਿਹਾਨ ਆਉਣ ‘ਤੇ ਹੀ ਲੱਗੇਗਾ। ਕਿਹੜੇ ਮੁੱਦਿਆਂ ਅਤੇ ਕਾਰਨਾਂ ਕਰਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਝਟਕਾ ਲੱਗਾ ਸੀ, ਕੀ ਉਨ੍ਹਾਂ ਮੁੱਦਿਆਂ ਤੋਂ ਅਕਾਲੀ ਦਲ ਬਾਹਰ ਆ ਗਿਆ ਹੈ? ਇਸ ਬਾਰੇ ਸਹਿਮਤੀ ਹੋ ਸਕਦੀ ਹੈ ਕਿ ਰਾਜਸੀ ਧਿਰਾਂ ‘ਚ ਉਤਰਾ-ਚੜਾ ਆਉਂਦੇ ਰਹਿੰਦੇ ਹਨ ਪਰ ਕਈ ਵਾਰ ਵੱਡੀ ਰਾਜਸੀ ਉਤਰਾ-ਚੜਾ ਆਪਣਾ ਪ੍ਰਭਾਵ ਵੀ ਲੰਮੇ ਸਮੇਂ ਲਈ ਛੱਡ ਜਾਂਦੇ ਹਨ ਅਤੇ ਇਹ ਸਵਾਲ ਸੁਖਬੀਰ ਬਾਦਲ ਦੀ ਲੀਡਰਸ਼ਿਪ ਅੱਗੇ ਵੀ ਪਹਾੜ ਬਣ ਕੇ ਖੜ੍ਹਾ ਹੈ।

ਸੰਪਰਕ : 98140-02186

(ਇਸ ਆਰਟੀਕਲ ਦਾ ਪਹਿਲਾਂ ਭਾਗ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ)

https://scooppunjab.com/global/will-sukhbir-badal-be-able-to-face-panthak-and-political-challenges/

Share This Article
Leave a Comment