ਬੁਢਾਪਾ ਪੈਨਸ਼ਨ ਦੀ ਸੂਚੀ ‘ਚੋਂ 70 ਹਜ਼ਾਰ ਲਾਭਪਾਤਰੀਆਂ ਨੂੰ ਹਟਾਇਆ ਜਾਣਾ ਨਿੰਦਣਯੋਗ : ਅਕਾਲੀ ਦਲ

TeamGlobalPunjab
2 Min Read

ਚੰਡੀਗੜ੍ਹ : ਸ਼੍ਰੋਮਣੀ  ਅਕਾਲੀ ਦਲ ਨੇ ਅੱਜ ਬੁਢਾਪਾ ਪੈਨਸ਼ਨ ਦੀ ਸੂਚੀ ‘ਚੋਂ 70 ਹਜ਼ਾਰ ਲਾਭਪਾਤਰੀਆਂ ਨੂੰ  ਹਟਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਇਸ ਕਦਮ ਨੂੰ ਮਹਾਂਮਾਰੀ ਦੌਰਾਨ ਚੁੱÎਕਿਆ ਗਿਆ ਮਨੁੱਖਤਾ ਵਿਰੋਧੀ ਕਦਮ ਕਰਾਰ ਦਿੱਤਾ। ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਤੇ ਪ੍ਰਭਾਵਤ 70 ਹਜ਼ਾਰ ਵਿਅਕਤੀਆਂ ਦੀ ਪੈਨਸ਼ਨ ਤੁਰੰਤ ਬਹਾਲ ਕੀਤੀ ਜਾਵੇ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ  ਕਾਂਗਰਸ ਸਰਕਾਰ ਨੇ 70 ਹਜ਼ਾਰ ਬਜ਼ੁਰਗ ਵਿਅਕਤੀਆਂ ਦੇ ਨਾਂ ਬੁਢਾਪਾ ਪੈਨਸ਼ਨ ਦੀ ਸੂਚੀ ਵਿਚੋਂ ਕੱਟ ਦਿੱਤੇ ਹਨ। ਉਹਨਾਂ ਕਿਹਾ ਕਿ  ਅਜਿਹਾ ਕਰਨ ਦਾ ਇਕੋ ਇਕ ਕਾਰਨ ਇਹ ਹੈ ਕਿ ਸਰਕਾਰ 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿਚ ਵਾਧਾ ਕੀਤੇ ਜਾਣ ਤੋਂ ਬਾਅਦ ਇਸਦਾ ਖਰਚ ਨਹੀਂ ਵਧਾਉਣਾ ਚਾਹੁੰਦੀ  ਹੈ।

ਡਾ. ਚੀਮਾ ਨੇ ਕਿਹਾ ਕਿ 70 ਹਜ਼ਾਰ ਲਾਭਪਾਤਰੀਆਂ ਦੇ ਨਾਂ ਬੁਢਾਪਾ ਪੈਨਸ਼ਨ ਦੀ ਸੂਚੀ ਵਿਚੋਂ ਮਹਾਂਮਾਰੀ ਦੇ ਸਮੇਂ ਵਿਚ ਕੱਟੇ ਜਾਣਾ ਇਕ ਨਿਰਦਈ ਕਦਮ ਹੈ ਤੇ ਇਸ ਫੈਸਲੇ ਦੇ ਨਤੀਜੇ ਵਜੋਂ ਸੀਨੀਅਰ ਸਿਟੀਜ਼ਨਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਜਾਏ ਕਿ ਵਾਅਦੇ ਅਨੁਸਾਰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵਿਚ ਵਾਧਾ ਕਰਨ ਦੇ ਸਰਕਾਰ ਨੇ ਪੈਨਸ਼ਨ ਖਰਚ ਘਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਤੁਸੀਂ ਆਪਣੇ ਵਾਅਦੇ ਅਨੁਸਾਰ ਪੈਨਸ਼ਨ ਨਹੀਂ ਵਧਾ ਸਕਦੇ ਤਾਂ ਘੱਟ ਤੋਂ ਘੱਟ   ਵਡੇਰੀ ਉਮਰ ਵਿਚ ਇਸ ਤਰੀਕੇ ਸਰਕਾਰ ਵੱਲੋਂ ਪਹਿਲਾਂ ਕੀਤੀ ਗਈ ਮਦਦ ਤਾਂ ਖੋਹਣ ਤੋਂ ਗੁਰੇਜ਼ ਕਰੋ ।

ਅਕਾਲੀ ਦਲ ਦੇ ਆਗੂ ਨੇ ਹੋਰ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਸਮਾਜ ਦੇ ਕਮਜ਼ੋਰ ਵਰਗਾਂ ਖਿਲਾਫ ਵਿਤਕਰਾ ਕੀਤਾ  ਹੋਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਲੱਖਾਂ ਨੀਲੇ ਕਾਰਡ ਸੂਚੀ ਵਿਚੋਂ ਕੱਟ ਦਿੱਤੇ ਸਨ ਜਿਸਦੇ ਕਾਰਨ ਕਮਜ਼ੋਰ ਵਰਗ ਆਟਾ ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ ਸਨ।

Share This Article
Leave a Comment