ਤਹਿਰਾਨ : ਈਰਾਨ ਦੇ ਉੱਤਰੀ ਤਹਿਰਾਨ ਵਿਚ ਇਕ ਮੈਡੀਕਲ ਕਲੀਨਿਕ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਧਮਾਕੇ ‘ਚ ਪਹਿਲਾਂ ਮੌਤਾਂ ਦੀ ਗਿਣਤੀ 13 ਦੱਸੀ ਗਈ ਸੀ, ਹਾਲਾਂਕਿ ਬਾਅਦ ਵਿਚ ਛੇ ਹੋਰ ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਧਮਾਕੇ ‘ਚ 15 ਪੁਰਸ਼ ਅਤੇ 4 ਔਰਤਾਂ ਸਮੇਤ ਕੁੱਲ 19 ਲੋਕ ਮਾਰੇ ਗਏ ਹਨ। ਤਹਿਰਾਨ ਪੁਲਿਸ ਮੁੱਖੀ ਹੁਸੈਨ ਰਹਿਮਾਨੀ ਨੇ ਕਿਹਾ ਕਿ ਮਰਨ ਵਾਲਿਆਂ ‘ਚ 10 ਔਰਤਾਂ ਸ਼ਾਮਲ ਹਨ।
ਈਰਾਨ ਦੇ ਸਰਕਾਰੀ ਚੈਨਲ ਦੀ ਖ਼ਬਰ ਅਨੁਸਾਰ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ। ਧਮਾਕੇ ਤੋਂ ਬਾਅਦ ਕਲੀਨਿਕ ਦੀ ਇਮਾਰਤ ਨੂੰ ਅੱਗ ਲੱਗ ਗਈ। ਮੰਨਿਆ ਜਾ ਰਿਹਾ ਹੈ ਕਿ ਧਮਾਕਾ ਕਲੀਨਿਕ ‘ਚ ਮੌਜੂਦ ਆਕਸੀਜਨ ਸਿਲੰਡਰ ‘ਚ ਹੋਇਆ ਅਤੇ ਬਾਅਦ ‘ਚ ਇਸ ਨੇ ਭਿਆਨਕ ਰੂਪ ਲੈ ਲਿਆ।
ਦੱਸਣਯੋਗ ਹੈ ਕਿ ਇਹ ਘਟਨਾ ਤਹਿਰਾਨ ਵਿਚ ਇਕ ਸੈਨਿਕ ਸਹੂਲਤ ਨੇੜੇ ਹੋਏ ਇਕ ਵਿਸ਼ਾਲ ਧਮਾਕੇ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਖਬਰਾਂ ਅਨੁਸਾਰ ਇਹ ਧਮਾਕਾ ਵੀ ਗੈਸ ਲੀਕ ਹੋਣ ਕਾਰਨ ਹੋਇਆ ਸੀ।