ਵਾਸ਼ਿੰਗਟਨ : ਕੋਰੋਨਾ ਸੰਕਟ ਕਾਰਨ ਅਮਰੀਕਾ ‘ਚ ਵਧੀ ਬੇਰੁਜ਼ਗਾਰੀ ਦਰ ਦੇ ਚੱਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ ਐੱਚ1-ਬੀ ਵੀਜ਼ਾ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ 31 ਦਸੰਬਰ 2020 ਤੱਕ ਇਸ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਦੇਸ਼ ‘ਚ ਦੂਜੇ ਮੁਲਕਾਂ ਤੋਂ ਇਮੀਗਰੈਂਟਸ ਦੀ ਐਂਟਰੀ ਰੋਕਣ ਦਾ ਨਵਾਂ ਯਤਨ ਹੈ। ਟਰੰਪ ਦੇ ਇਸ ਫੈਸਲੇ ਨਾਲ ਵੱਡੀ ਗਿਣਤੀ ‘ਚ ਉਨ੍ਹਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਜਿਹੜੇ ਆਪਣੇ ਐੱਚ-1 ਬੀ ਵੀਜ਼ਾ ਨੂੰ ਰੀਨਿਊ ਕਰਨਾ ਚਾਹੁੰਦੇ ਸਨ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਇਹ ਕਦਮ ਉਨ੍ਹਾਂ ਅਮਰੀਕੀਆਂ ਦੀ ਮਦਦ ਲਈ ਜ਼ਰੂਰੀ ਸੀ, ਜਿਨ੍ਹਾਂ ਨੇ ਮੌਜੂਦਾ ਆਰਥਿਕ ਸੰਕਟ ਕਾਰਨ ਆਪਣੀਆਂ ਨੌਕਰੀ ਗੁਆ ਦਿੱਤੀ ਹੈ। ਨਵੰਬਰ ‘ਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਦਾ ਇਹ ਫੈਸਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਨਵੀਂ ਨੀਤੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਗ੍ਰੀਨ ਕਾਰਡ ਜਾਰੀ ਕਰਨ ‘ਤੇ ਅਪ੍ਰੈਲ ਵਿਚ ਲਾਈ ਰੋਕ ਦਾ ਅਗਲਾ ਪੜਾਅ ਤੇ ਵਾਧਾ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਨੀਤੀ ਸ਼ੁਰੂਆਤੀ 60 ਦਿਨਾਂ ਤੋਂ ਲੈ ਕੇ ਸਾਲ ਦੇ ਅਖੀਰ ਤੱਕ ਲਾਗੂ ਰਹੇਗੀ। ਉਸਨੇ ਮੀਡੀਆ ਨੂੰ ਦੱਸਿਆ ਕਿ ਐਚ1 ਬੀ ਵੀਜ਼ਾ ‘ਤੇ ਕਾਰਵਾਈ ਆਰਜ਼ੀ ਹੈ ਪਰ ਅਮਰੀਕੀ ਵੀਜ਼ਾ ਪ੍ਰਣਾਲੀ ਵਿਚ ਸੁਧਾਰ ਲਿਆਉਂਦਿਆਂ ਇਸ ‘ਚ ਮੈਰਿਟ ਆਧਾਰ ‘ਤੇ ਸਥਾਈ ਤਬੀਦਲੀ ਕੀਤੀ ਜਾਵੇਗੀ।