ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਟਰੰਪ ਦੀ ਚੋਣ ਮੁਹਿੰਮ ਦੇ ਮੁੱਖੀ ਟਿਮ ਮੁਰਟਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਓਕਲਾਹੋਮਾ ਦੀ ਰੈਲੀ ‘ਚ ਬਹੁਤ ਘੱਟ ਗਿਣਤੀ ‘ਚ ਲੋਕਾਂ ਦੇ ਪਹੁੰਚਣ ਕਾਰਨ ਡੋਨਾਲਡ ਟਰੰਪ ਦੀ ਟੁਲਸਾ ਸਟੇਡੀਅਮ ਵਿਖੇ ਹੋਣ ਵਾਲੀ ਦੂਸਰੀ ਚੋਣ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਟਰੰਪ ਦੇ ਸਮਰਥਕ ਉਤਸ਼ਾਹਿਤ ਹਨ, ਪਰ ਮੀਡੀਆ ਅਤੇ ਅਫਰੀਕੀ ਮੂਲ ਦੇ ਲੋਕਾਂ ਦੇ ਪ੍ਰਦਰਸ਼ਨ ਕਾਰਨ ਲੋਕ ਘੱਟ ਗਿਣਤੀ ‘ਚ ਚੋਣ ਰੈਲੀ ‘ਚ ਪਹੁੰਚ ਰਹੇ ਹਨ।
ਮਾਰਚ ਤੋਂ ਬਾਅਦ ਡੋਨਾਲਡ ਟਰੰਪ ਦੀ ਪਹਿਲੀ ਚੋਣ ਰੈਲੀ ਸ਼ਨੀਵਾਰ ਨੂੰ ਓਕਲਾਹੋਮਾ ਵਿੱਚ ਹੋਈ ਸੀ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਰੈਲੀ ‘ਤੇ ਰੋਕ ਲਗਾਉਣ ਲਈ ਓਕਲਾਹੋਮਾ ਦੀ ਸੁਪਰੀਮ ਕੋਰਟ ‘ਚ ਵੀ ਅਰਜ਼ੀ ਦਿੱਤੀ ਗਈ ਸੀ। ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਚੋਣ ਰੈਲੀ ਟੁਲਸਾ ਦੇ ਸਟੇਡੀਅਮ ‘ਚ ਹੋਣ ਵਾਲੀ ਸੀ। ਜਿਸ ਲਈ ਸਟੇਡੀਅਮ ਪਹਿਲਾਂ ਹੀ ਬੁੱਕ ਕੀਤਾ ਜਾ ਚੁੱਕਾ ਸੀ। ਇਸ ਰੈਲੀ ‘ਚ ਡੋਨਾਲਡ ਟਰੰਪ ਦੇ ਨਾਲ ਉਪ-ਰਾਸ਼ਟਰਪਤੀ ਮਾਈਕ ਪੈਂਸ ਵੀ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਸਨ। ਅਮਰੀਕਾ ‘ਚ ਨਵੰਬਰ ‘ਚ ਚੋਣਾ ਹੋਣੀਆਂ ਹਨ। ਟਰੰਪ ਇਸ ਸਮੇਂ ਕਈ ਰਾਜਨੀਤਿਕ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ। ਟਰੰਪ ਦੇ ਸਲਾਹਕਾਰਾਂ ਦੇ ਅਨੁਸਾਰ, ਪਹਿਲਾਂ ਕੋਰੋਨਾ ਵਾਇਰਸ ਨਾਲ ਨਜਿੱਠਣ ਨੂੰ ਲੈ ਕੇ ਟਰੰਪ ਦੀਆਂ ਨੀਤੀਆਂ ਦੇ ਖਿਲਾਫ ਅਤੇ ਹੁਣ ਨਸਲਵਾਦ ਨੂੰ ਲੈ ਕੇ ਦੇਸ਼ਭਰ ‘ਚ ਪ੍ਰਦਰਸ਼ਨ ਦਾ ਅਸਰ ਰੈਲੀਆਂ ਵਿੱਚ ਆਮ ਵੇਖਿਆ ਜਾ ਰਿਹਾ ਹੈ।