ਆਸਟ੍ਰੇਲੀਆ ਦੇ ਪੀਐੱਮ ਸਕਾਟ ਮੌਰਿਸਨ ਨੇ ਪ੍ਰਧਾਨ ਮੰਤਰੀ ਮੋਦੀ ਲਈ ਬਣਾਈ ਅੰਬ ਦੀ ਚਟਨੀ ਤੇ ਸਮੋਸਾ, ਟਵਿੱਟਰ ‘ਤੇ ਸਾਂਝਾ ਕੀਤੀਆਂ ਤਸਵੀਰਾਂ

TeamGlobalPunjab
3 Min Read

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਅੰਬ ਦੀ ਚਟਨੀ ਅਤੇ ਸਮੋਸਾ ਬਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਾਣ ਲਈ ਦਾਵਤ ਦਿੱਤੀ ਹੈ। ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕਰ ਲਿਆ ਹੈ। ਪੀਐੱਮ ਮੋਦੀ ਨੇ ਮੌਰਿਸਨ ਦੇ ਟਵੀਟ ‘ਤੇ ਰੀਟਵੀਟ ਕਰਦੇ ਹੋਏ ਕਿਹਾ ਕਿ ਇਕ ਵਾਰ ਅਸੀਂ ਕੋਰੋਨਾ ਵਾਇਰਸ ਖ਼ਿਲਾਫ਼ ਫੈਸਲਾਕੁੰਨ ਜਿੱਤ ਹਾਸਲ ਕਰ ਲਈਏ ਫਿਰ ਇਕੱਠੇ ਬੈਠ ਕੇ ਸਮੋਸਾ ਜ਼ਰੂਰ ਖਾਵਾਂਗੇ। ਪ੍ਰਧਾਨ ਮੰਤਰੀ ਮੋਦੀ ਨੇ 4 ਜੂਨ ਨੂੰ ਹੋਣ ਵਾਲੀ ਵੀਡੀਓ ਕਾਨਫਰੰਸਿੰਗ ਨੂੰ ਲੈ ਕੇ ਵੀ ਉਮੀਦ ਪ੍ਰਗਟ ਕੀਤੀ ਹੈ।

ਪੀਐਮ ਮੋਦੀ ਨੇ ਟਵੀਟ ਕਰ ਲਿਖਿਆ,’ ਕਿ ਹਿੰਦ ਮਹਾਂਸਾਗਰ ਨਾਲ ਜੁੜੇ ਅਤੇ ਸਮੋਸੇ ਨਾਲ ਇੱਕਜੁਟ ਹੋਏ। ਤੁਹਾਡਾ ਸਮੋਸਾ ਸੁਆਦਲਾ ਲੱਗ ਰਿਹਾ ਹੈ। ਇੱਕ ਵਾਰ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਖਿਲਾਫ ਫੈਸਲਾਕੁੰਨ ਜਿੱਤ ਪ੍ਰਾਪਤ ਕਰ ਲਵਾਂਗੇ ਤਾਂ ਅਸੀਂ ਇਕੱਠੇ ਬੈਠ ਕੇ ਸਮੋਸੇ ਦਾ ਅਨੰਦ ਲਵਾਂਗੇ। 4 ਜੂਨ ਨੂੰ ਵੀਡੀਓ ਕਾਨਫ਼ਰੰਸਿੰਗ ਨੂੰ ਲੈ ਕੇ ਉਤਸ਼ਾਹਿਤ ਹਾਂ।

ਦੱਸ ਦੇਈਏ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਐਤਵਾਰ ਨੂੰ ਸਮੋਸੇ ਅਤੇ ਅੰਬ ਦੀ ਚਟਨੀ ਦੀ ਤਸਵੀਰ ਸਾਂਝੀ ਕੀਤੀ ਸੀ। ਮੌਰਿਸਨ ਨੇ ਲਿਖਿਆ ਕਿ ਉਹ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਮੌਰਿਸਨ ਨੇ ਸਮੋਸੇ ਨੂੰ ਆਪਣੇ ਅਨੁਸਾਰ ‘ਸਕੋਮੋਸਾ’ ਨਾਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਮੋਦੀ ਦੇ ਨਾਲ ਇਸ ਹਫਤੇ ਉਨ੍ਹਾਂ ਦੀ ਵੀਡਿਓਲਿੰਕ ਰਾਹੀਂ ਬੈਠਕ ਵੀ ਹੋਣ ਵਾਲੀ ਹੈ।

ਪੀਐਮ ਮੌਰਿਸਨ ਨੇ ਇਸ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ ਕਿ ਐਤਵਾਰ ਨੂੰ ਅੰਬ ਦੀ ਚਟਨੀ ਦੇ ਨਾਲ ‘ਸਕੋਮੋਸਾ’, ਅੰਬ ਨੂੰ ਰਗੜਕੇ ਬਣਾਈ ਗਈ ਚਟਨੀ ਦੇ ਨਾਲ। ਪੀਐਮ ਮੋਦੀ ਨੂੰ ਟੈਗ ਕਰਦੇ ਹੋਏ ਮੌਰਿਸਨ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਾਡੀ ਮੁਲਾਕਾਤ ਵੀਡੀਓਲਿੰਕ ਦੇ ਜ਼ਰੀਏ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਸ਼ਾਕਾਹਾਰੀ ਹਨ। ਮੈਂ ਉਨ੍ਹਾਂ ਨਾਲ ਇਸ ਨੂੰ ਸਾਂਝਾ ਕਰਨਾ ਪਸੰਦ ਕਰਾਂਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਵਿਚਕਾਰ ਭਾਰਤ-ਆਸਟ੍ਰੇਲੀਆ ਸਿਖਰ ਸੰਮੇਲਨ 4 ਜੂਨ ਨੂੰ ਹੋਣ ਜਾ ਰਿਹਾ ਹੈ। ਇਸ ਸਮੇਂ ਦੌਰਾਨ ਦੋਵੇਂ ਨੇਤਾ ਵੀਡੀਓਲਿੰਕ ਰਾਹੀਂ ਆਪਸੀ ਸਬੰਧਾਂ ਨੂੰ ਵਧਾਉਣ ਬਾਰੇ ਗੱਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰ, ਰੱਖਿਆ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਬਾਰੇ ਕਈ ਸਮਝੌਤੇ ਹੋ ਸਕਦੇ ਹਨ।

ਆਸਟ੍ਰੇਲੀਆ ਵਿੱਚ ਹੁਣ ਤੱਕ ਕੋਰੋਨਾ ਦੇ 7,192 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 103 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 25 ਮਈ ਨੂੰ ਪ੍ਰਧਾਨ ਮੰਤਰੀ ਮੌਰਿਸਨ ਨੇ ਕਿਹਾ ਸੀ ਕਿ ਦੇਸ਼ ਦੀਆਂ ਸਰਹੱਦਾਂ ਅਜੇ ਵੀ ਬੰਦ ਰਹਿਣਗੀਆਂ।

Share This Article
Leave a Comment