ਮਾਂਟਰਿਅਲ: ਕੈਨੇਡਾ ਦੇ ਕਿਉਬਿਕ ਸੂਬੇ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਫ਼ਾਸਟ ਟੈਕ ਆਧਾਰ ‘ਤੇ ਪੀ.ਆਰ. ਦਾ ਰਾਹ ਪੱਧਰਾ ਕਰਦੀ ਇਮੀਗ੍ਰੇਸ਼ਨ ਯੋਜਨਾ ਵਿਚ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਕਿਊਬਿਕ ਐਕਸਪੀਰੀਐਂਸ ਪ੍ਰੋਗਰਾਮ ਤਹਿਤ ਇਟਰਨੈਸ਼ਨਲ ਸਟੂਡੈਂਟਸ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਦੇ ਹੋਰ ਰਾਜਾਂ ਦੇ ਮੁਕਾਬਲੇ ਜਲਦ ਪੀ.ਆਰ. ਮਿਲ ਜਾਵੇਗੀ।
ਕਿਉਬਿਕ ਵਿਚ ਪੜ੍ਹਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਡਿਗਰੀ ਪੂਰੀ ਹੋਣ ਤੋਂ ਬਾਅਦ 12 ਮਹੀਨੇ ਕੰਮ ਕਰਨ ਦੇ ਤਜਰਬੇ ਦੇ ਆਧਾਰ ‘ਤੇ ਪੀ.ਆਰ. ਮਿਲ ਸਕੇਗੀ। ਉਨ੍ਹਾਂ ਦੀ ਨੌਕਰੀ ਨੈਸ਼ਨਲ ਆਕਿਉਪੇਸ਼ਨਲ ਕਲਾਸੀਫ਼ਿਕੇਸ਼ਨ ਕੋਡ 0, ਏ ਅਤੇ ਬੀ ਵਿਚ ਆਉਂਦੀ ਹੋਵੇ। ਦੂਜੇ ਪਾਸੇ ਡਿਪਲੋਮਾ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ 24 ਮਹੀਨੇ ਕੰਮ ਕਰਨ ਦੇ ਤਜਰਬੇ ਦੇ ਆਧਾਰ ਤੇ ਪੀ.ਆਰ. ਮਿਲ ਸਕੇਗੀ ਪਰ ਉਨ੍ਹਾਂ ਦੀ ਨੌਕਰੀ ਨੈਸ਼ਨਲ ਆਕਿਉਪੇਸ਼ਨਲ ਕਲਾਸੀਫ਼ਿਕੇਸ਼ਨ ਕੋਡ 0, ਏ, ਬੀ ਅਤੇ ਸੀ ਕੋਡ ਅਧੀਨ ਆਉਂਦੀ ਹੋਵੇ।
ਆਰਜ਼ੀ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਹਾਸਲ ਕਰਨ ਲਈ ਪਿਛਲੇ 48 ਮਹੀਨੇ ਦੌਰਾਨ ਘੱਟੋ-ਘੱਟ 36 ਮਹੀਨੇ ਫੁਲ ਟਾਈਮ ਕੰਮ ਕਰਨ ਦਾ ਤਜਰਬਾ ਪੇਸ਼ ਕਰਨਾ ਹੋਵੇਗਾ।