ਨਿਊਜ਼ ਡੈਸਕ : ਖਰਾਬ ਮੌਸਮ ਦੇ ਚੱਲਦਿਆਂ ਨਿੱਜੀ ਪ੍ਰਾਈਵੇਟ ਕੰਪਨੀ ਸਪੇਸਐਕਸ (SpaceX) ਦਾ ਪਹਿਲਾ ਪ੍ਰੀਖਣ ਮੁਲਤਵੀ ਕਰ ਦਿੱਤਾ ਗਿਆ ਹੈ। ਲਗਭਗ ਇੱਕ ਦਹਾਕੇ ‘ਚ ਪਹਿਲੀ ਵਾਰ ਅਮਰੀਕੀ ਧਰਤੀ ‘ਤੇ ਅਮਰੀਕੀ ਉਪਕਰਣਾਂ ਨਾਲ ਅਮਰੀਕੀ ਯਾਤਰੀਆਂ ਨੂੰ ਪੁਲਾੜ ‘ਚ ਲਾਂਚ ਕਰਨ ਲਈ ਨਾਸਾ ਅਤੇ ਸਪੇਸਐਕਸ ਇਤਿਹਾਸ ਬਣਾਉਣ ਤੋਂ ਮਹਿਜ਼ ਇੱਕ ਕਦਮ ਦੂਰ ਹੈ। ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਇਕ ਨਿਜੀ ਕੰਪਨੀ ਪਹਿਲੀ ਵਾਰ ਕਿਸੇ ਮਨੁੱਖ ਨੂੰ ਪੁਲਾੜ ਵਿਚ ਲੈ ਕੇ ਜਾਵੇਗੀ।
ਦੱਸ ਦਈਏ ਕਿ ਸਪੇਸਐਕਸ ਦਾ ਇੱਕ ਰਾਕੇਟ ਨਾਸਾ ਦੇ ਪਾਇਲਟ ਡਗ ਹਰਲੀ ਅਤੇ ਬੌਬ ਬੇਨਕਨ ਦੇ ਨਾਲ ਡ੍ਰੈਗਨ ਕੈਪਸੂਲ ਨੂੰ ਲੈ ਕੇ ਬੁੱਧਵਾਰ ਦੁਪਿਹਰ ਦੇ ਸਮੇਂ ਫਲੋਰੀਡਾ ਦੇ ਕੈਨੇਡੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਡਾਣ ਭਰਨ ਵਾਲਾ ਸੀ। ਪਰ ਅਸਮਾਨ ਵਿਚ ਮੀਂਹ, ਬੱਦਲ ਅਤੇ ਬਿਜਲੀ ਡਿੱਗਣ ਕਾਰਨ ਮਿਸ਼ਨ ਨੂੰ ਸ਼ੁਰੂਆਤ ਤੋਂ 17 ਮਿੰਟ ਪਹਿਲਾਂ ਹੀ ਰੋਕਣਾ ਪਿਆ।
ਹੁਣ ਸ਼ਨੀਵਾਰ ਯਾਨੀ 30 ਮਈ ਨੂੰ ਦੁਪਿਹਰ 3.22 ਵਜੇ ਇਸ ਰਾਕੇਟ ਨੂੰ ਦੁਬਾਰਾ ਲਾਂਚ ਕੀਤਾ ਜਾਵੇਗਾ। ਇਹ ਪਹਿਲਾਂ ਮੌਕਾ ਹੈ ਜਦੋਂ ਸਰਕਾਰ ਤੋਂ ਇਲਾਵਾ ਕੋਈ ਨਿਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਪੁਲਾੜ ‘ਚ ਲੈ ਕੇ ਜਾ ਰਹੀ ਹੈ। ਜੇਕਰ ਨਿੱਜੀ ਕੰਪਨੀ ਦਾ ਇਹ ਪੁਲਾੜ ਯਾਨ, ਪੁਲਾੜ ਯਾਤਰੀਆਂ ਨੂੰ ਲਿਜਾਣ ‘ਚ ਸਫਲ ਰਿਹਾ ਤਾਂ ਇਹ ਵਪਾਰਕ ਪੁਲਾੜ ਉਡਾਣ ਦੀ ਦਿਸ਼ਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰੀਕੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਲਿਜਾਣ ਲਈ ਇੱਕ ਨਿੱਜੀ ਪੁਲਾੜ ਯਾਨ ਵਿਕਸਤ ਕਰਨ ਦੇ ਉਦੇਸ਼ ਨਾਲ ਨਾਸਾ ਦਾ ਵਪਾਰਕ ਕਰੂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਕੀਤੀ ਗਈ ਸੀ।
ਨਾਸਾ ਪ੍ਰਸ਼ਾਸਨ ਨੇ ਟਵੀਟ ਕਰ ਇਸ ਮਿਸ਼ਨ ਨੂੰ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ। ਨਾਸਾ ਨੇ ਟਵੀਟ ਕਰ ਕਿਹਾ ਕਿ ਅੱਜ ਮਿਸ਼ਨ ਦੀ ਲਾਂਚਿੰਗ ਨਹੀਂ ਹੋਵੇਗੀ। ਨਾਸੇ ਨੇ ਕਿਹਾ ਕਿ ਉਨ੍ਹਾਂ ਦੇ ਦਲ ਦੇ ਮੈਂਬਰ ਦੀ ਸੁਰੱਖਿਆ ਨੂੰ ਉੱਚ ਤਰਜੀਹ ਦਿੱਤੀ ਜਾਂਦੀ ਹੈ।