ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਵਿਖੇ ਪਰਤੇ ਹਰਿਆਣਾ ਦੇ ਵਿਅਕਤੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਅਕਤੀ ਦੀ ਪਹਿਚਾਣ ਨਛੱਤਰ ਸਿੰਘ ਪੁੱਤਰ ਅਮਰਪਾਲ ਸਿੰਘ ਵਾਸੀ ਕੈਥਲ ਵੱਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਛੱਤਰ ਸਿੰਘ ਵਿਰੁੱਧ ਪਟਿਆਲਾ ਦੇ ਇਕ ਥਾਣੇ ਵਿਚ ਮੁਕੱਦਮਾ ਦਰਜ ਸੀ, ਜਿੱਥੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ।
ਦੱਸ ਦੇਈਏ ਬੀਤੀ ਸ਼ਾਮ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ ਵਿਸ਼ੇਸ਼ ਜਹਾਜ਼ ਰਾਹੀ ਪਰਤੇ ਸਨ। ਅਮਰੀਕਾ ਵਿੱਚ ਇਹ ਲੋਕ ਗ਼ੈਰਕਾਨੂੰਨੀ ਤਰੀਕੇ ਨਾਲ ਦੇਸ਼ ‘ਚ ਦਾਖਲ ਹੋਣ ਦੇ ਦੋਸ਼ ਹੇਂਠ ਵਿੱਚ ਫੜੇ ਗਏ ਸਨ। ਇਨ੍ਹਾਂ ਲੋਕਾਂ ਵਿੱਚ ਹਰਿਆਣਾ ਦੇ 79 ਅਤੇ ਪੰਜਾਬ ਦੇ 67 ਲੋਕ ਹਨ।
ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਸਪੈਸ਼ਲ ਜਹਾਜ਼ ਬੀਤੇ ਦਿਨੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚਿਆ। ਇਨ੍ਹਾ ਵਿੱਚ ਪੰਜਾਬ ਦੇ 67, ਹਰਿਆਣਾ ਦੇ 79, ਗੁਜਰਾਤ ਦੇ ਅੱਠ, ਉੱਤਰ ਪ੍ਰਦੇਸ਼ ਦੇ ਤਿੰਨ, ਮਹਾਰਾਸ਼ਟਰ ਦੇ ਤਿੰਨ, ਕੇਰਲ ਦੇ ਦੋ, ਤੇਲੰਗਾਨਾ ਦੇ ਦੋ, ਤਾਮਿਲ ਨਾਡੂ ਦਾ ਇੱਕ, ਆਂਧਰਾਂ ਪ੍ਰਦੇਸ਼ ਦਾ ਇੱਕ ਅਤੇ ਗੋਆ ਦਾ ਇੱਕ ਨਾਗਰਿਕ ਸ਼ਾਮਲ ਹੈ।