ਇਸ ਬਜ਼ੁਰਗ ਮਾਂ ਨੇ ਦੇਸ਼ ਦੀ ਸੇਵਾ ਲਈ ਕੀਤਾ ਅਜਿਹਾ ਕੰਮ, ਦੇਸ਼ ਦੇ ਚੀਫ ਆਫ ਡਿਫੈਂਸ ਬਿਪਿਨ ਰਾਵਤ ਨੇ ਵੀ ਕੀਤੀ ਤਾਰੀਫ

TeamGlobalPunjab
2 Min Read

ਨਿਊਜ਼ ਡੈਸਕ : ਇਸ ਸਮੇਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ। ਇਸ ਦੌਰਾਨ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ, ਬਾਲੀਵੁੱਡ ਅਦਾਕਾਰ ਅਤੇ ਹੋਰ ਵੀ ਕਈ ਲੋਕ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਆਪਣੇ ਪੱਧਰ ‘ਤੇ ਦਾਨ ਕਰ ਰਹੇ ਹਨ। ਅਜਿਹੇ ‘ਚ ਉਤਰਾਖੰਡ ਦੀ ਇਕ ਵਿਧਵਾ ਬਜ਼ੁਰਗ ਔਰਤ ਦਰਸ਼ਨੀ ਦੇਵੀ ਦੇਸ਼ ਦੀ ਸੇਵਾ ਅਤੇ ਕੋਰੋਨਾ ਮਹਾਮਾਰੀ ਵਿਰੁੱਧ ਜੰਗ ‘ਚ ਲੋਕਾਂ ਦੀ ਮਦਦ ਲਈ ਸਾਹਮਣੇ ਆਈ ਹੈ। ਜਿਸ ਨੇ ਆਪਣੀ ਸਾਰੀ ਉਮਰ ਦੀ ਪੂੰਜੀ ਪ੍ਰਧਾਨ ਮੰਤਰੀ ਕੇਅਰਜ਼ ਫੰਡ ‘ਚ ਦਾਨ ਕਰ ਦਿੱਤੀ ਹੈ। ਦਰਸ਼ਨੀ ਦੇਵੀ ਉਤਰਾਖੰਡ ਦੇ ਕੇਦਾਰਨਾਥ ਨੇੜੇ ਇਕ ਦੂਰ ਦੁਰਾਡੇ ਪਿੰਡ ਨਾਲ ਸਬੰਧਤ ਹੈ।

donate-in-pm-cares-fund_051620060730.jpg

ਉੱਤਰਾਖੰਡ ਦੀ 82 ਸਾਲਾ ਦਰਸ਼ਨੀ ਦੇਵੀ ਨੇ ਆਪਣੀ ਜ਼ਿੰਦਗੀ ਦੀ ਦੋ ਲੱਖ ਰੁਪਏ ਜਮ੍ਹਾ ਪੂੰਜੀ ਕੈਅਰਜ਼ ਫੰਡ ਵਿੱਚ ਦਾਨ ਕੀਤੀ ਹੈ। ਦੱਸ ਦਈਏ ਕਿ ਦਰਸ਼ਨੀ ਦੇਵੀ ਨੇ ਮਹਿਜ਼ 22 ਸਾਲ ਦੀ ਉਮਰ ‘ਚ ਆਪਣੇ ਪਤੀ ਨੂੰ 1965 ਦੀ ਜੰਗ ‘ਚ ਗੁਆ ਦਿੱਤਾ ਸੀ। ਉਸ ਦੇ ਪਤੀ ਫੌਜ ਵਿਚ ਹੌਲਦਾਰ ਦੇ ਅਹੁਦੇ ‘ਤੇ ਤਾਇਨਾਤ ਸਨ। ਜੋ ਕਿ ਪਾਕਿਸਤਾਨ ਨਾਲ ਜੰਗ ਵਿਚ ਸ਼ਹੀਦ ਹੋ ਗਏ ਸਨ।

ਦਰਸ਼ਨੀ ਦੇਵੀ ਨੇ ਆਪਣੇ ਪਿੰਡ ਦੇ ਸਥਾਨਕ ਅਧਿਕਾਰੀਆਂ ਰਾਹੀਂ ਦੋ ਲੱਖ ਰੁਪਏ ਦਾਨ ਕੀਤੇ ਹਨ। ਦਰਸ਼ਨੀ ਦੇਵੀ ਦੇ ਇਸ ਉਪਰਾਲੇ ਦੀ ਭਾਰਤ ਦੇ ਚੀਫ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਨੇ ਵੀ ਖੂਬ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਰਸ਼ਨੀ ਦੇਵੀ ‘ਤੇ ਮਾਣ ਹੈ। ਸਾਡੇ ਵਿੱਚੋਂ ਬਹੁਤਿਆਂ ਨੂੰ ਇਸ ਉਦਾਹਰਣ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਦਾਨ ਨਹੀਂ ਕਰ ਸਕਦੇ ਤਾਂ ਸਾਨੂੰ ਘੱਟੋ ਘੱਟ ਆਪਣੇ ਟੈਕਸ ਅਦਾ ਕਰਨੇ ਚਾਹੀਦੇ ਹਨ, ਸਾਨੂੰ ਟੈਕਸ ਦੇਣ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ।

Share This Article
Leave a Comment