ਚੰਡੀਗੜ੍ਹ : (ਬਿੰਦੂ ਸਿੰਘ) : ਅੱਜ ਅਚਾਨਕ ਹੀ ਪੰਜਾਬ ਕੈਬਨਿਟ ਦੀ ਮੀਟਿੰਗ ‘ਚੋਂ ਕਈ ਮੰਤਰੀਆਂ ਦਾ ਵਾਕ ਆਊਟ ਕਰ ਜਾਣ ਵਾਲਾ ਦ੍ਰਿਸ਼ ਆਪਣੇ ਆਪ ਵਿੱਚ ਬਹੁਤ ਹੀ ਅਲੱਗ ਸੀ। ਅੱਜ ਪੰਜਾਬ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੀ ਕੈਬਨਿਟ ਮੀਟਿੰਗ 2 ਵਜੇ ਰੱਖੀ ਗਈ ਸੀ। ਸੂਤਰਾਂ ਅਨੁਸਾਰ ਪਤਾ ਲੱਗਿਆ ਹੈ ਕਿ ਇਸ ਮੀਟਿੰਗ ਤੋਂ ਪਹਿਲਾਂ ਹੋਈ ਬੈਠਕ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਵਿਚਕਾਰ ਕਿਸੇ ਵਿਸ਼ੇ ‘ਤੇ ਤਲੱਖੀ ਭਰੀ ਬਹਿਸ ਹੋ ਗਈ ਸੀ।
ਅੱਜ ਦੀ ਕੈਬਨਿਟ ਮੀਟਿੰਗ ਨਵੀਂ ਬਣਾਈ ਸ਼ਰਾਬ ਪਾਲਿਸੀ ਦੇ ਵੱਖ-ਵੱਖ ਪਹਿਲੂਆਂ ‘ਤੇ ਨਜ਼ਰਸਾਨੀ ਕਰਨ ਲਈ ਸੱਦੀ ਗਈ ਸੀ। ਇਸ ਦੇ ਬਾਅਦ ਨਵੀਂ ਉਲੀਕੀ ਸ਼ਰਾਬ ਪਾਲਿਸੀ ‘ਤੇ ਸ਼ਾਮ ਤੱਕ ਕੈਬਨਿਟ ਦੀ ਪ੍ਰਵਾਨਗੀ ਦੀ ਮੌਹਰ ਲੱਗਣ ਦੀ ਉਮੀਦ ਵੀ ਸੀ। ਮੀਟਿੰਗ ‘ਚ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਪ੍ਰਿੰਸੀਪਲ ਸਕੱਤਰ ਤੇਜ਼ਵੀਰ ਸਿੰਘ ਦੇ ਇਲਾਵਾ ਸਰਕਾਰ ਦੇ ਹੋਰ ਕਈ ਸੀਨੀਅਰ ਅਫਸਰ ਵੀ ਮੌਜੂਦ ਸਨ। ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ‘ਚ ਉਸ ਸਮੇਂ ਮਾਹੌਲ ਤਲੱਖੀ ਭਰਿਆ ਹੋ ਗਿਆ ਜਦੋਂ ਮਿੱਥੇ ਗਏ ਮੁੱਦੇ ‘ਤੇ ਬਹਿਸ ਦੌਰਾਨ ਮੁੱਖ ਸਕੱਤਰ ਨੇ ਕੁਝ ਅਜਿਹੀਆਂ ਤਜਵੀਜ਼ਾਂ ਮੰਤਰੀਆਂ ਸਾਹਮਣੇ ਰੱਖੀਆਂ ਜਿਹੜੀਆਂ ਕਿ ਸ਼ਾਇਦ ਮੰਤਰੀਆਂ ਨੂੰ ਪਸੰਦ ਨਹੀਂ ਆਈਆਂ। ਚੀਫ ਸਕੱਤਰ ਵੱਲੋਂ ਮੀਟਿੰਗ ‘ਚ ਰੱਖੇ ਗਏ ਕੁਝ ਵਿਚਾਰਾਂ ‘ਤੇ ਵਿੱਤ ਮੰਤਰੀ ਇੰਤਰਾਜ਼ ਜਤਾਉਂਦੇ ਹੋਏ ਮੀਟਿੰਗ ‘ਚੋਂ ਵਾਕ ਆਊਟ ਕਰ ਗਏ। ਜਿਸ ਤੋਂ ਬਾਅਦ ਕੈਬਨਿਟ ਮੀਟਿੰਗ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਮੀਟਿੰਗ ‘ਚ ਮੰਤਰੀਆਂ ਨੇ ਇਹ ਮਸ਼ਵਰਾ ਦਿੱਤਾ ਸੀ ਕਿ ਸਰਕਾਰੀ ਮਹਿਕਮੇ ਨੂੰ ਉਨ੍ਹਾਂ ਸਾਰਿਆਂ ਠੇਕਿਆਂ ਨੂੰ ਆਪਣੇ ਕਬਜ਼ੇ ‘ਚ ਲੈ ਲੈਣਾ ਚਾਹੀਦਾ ਹੈ ਜਿਹੜੇ ਅਜੇ ਵਿਕੇ ਨਹੀਂ ਸਨ ਅਤੇ ਇਸ ਤੋਂ ਇਲਾਵਾ ਐਕਸਾਈਜ਼ ਪਾਲਿਸੀ ‘ਚ ਹੋਰ ਵੀ ਕਈ ਬਦਲਾਅ ਕਰਨੇ ਚਾਹੀਦੇ ਹਨ। ਮੀਟਿੰਗ ‘ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਵੀਰ ਸਿੱਧੂ, ਵਿਜੇ ਇੰਦਰ ਸਿੰਗਲਾ ਅਤੇ ਓਪੀ ਸੋਨੀ ਵੀ ਮੌਜੂਦ ਸਨ। ਮੰਤਰੀਆਂ ਨੇ ਮੀਟਿੰਗ ‘ਚੋਂ ਵਾਕ ਆਊਟ ਕਰਨ ਤੋਂ ਪਹਿਲਾਂ ਨਵੀਂ ਐਕਸਾਈਜ਼ ਪਾਲਿਸੀ ‘ਤੇ ਆਖਰੀ ਫੈਸਲਾ ਲਏ ਜਾਣ ‘ਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਨਾਰਾਜ਼ਗੀ ਜਤਾਈ।