ਲੰਦਨ : ਬੀਤੇ ਦਿਨੀਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਜਾਨਸਨ ਨੇ ਆਪਣੇ ਨਵਜੰਮੇ ਬੱਚੇ ਦਾ ਨਾਮ ਵਿਲਫ੍ਰੈਡ ਲੌਰੀ ਨਿਕੋਲਸ ਰੱਖਿਆ ਹੈ। ਬੌਰਿਸ ਜਾਨਸਨ ਨੇ ਆਪਣੇ ਬੱਚੇ ਦਾ ਨਾਮ ਆਪਣੀ ਪਤਨੀ, ਆਪਣੇ ਦਾਦਾ ਅਤੇ ਦੋ ਡਾਕਟਰਾਂ ਦੇ ਨਾਮ ‘ਤੇ ਰੱਖਿਆ ਹੈ।
ਕੈਰੀ ਸਾਇਮੰਡਜ਼ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਉਸ ਦੇ ਦਾਦਾ ਲੌਰੀ, ਜਾਨਸਨ ਦੇ ਦਾਦਾ ਵਿਲਫ੍ਰੈਡ ਅਤੇ ਜਾਨਸਨ ਦੇ ਇਲਾਜ ਕਰਨ ਵਾਲੇ ਡਾਕਟਰ ਨਿਕ ਪ੍ਰਾਈਸ ਅਤੇ ਨਿਕ ਹਾਰਟ(ਨਿਕੋਲਸ) ਦੇ ਨਾਮ ‘ਤੇ ਰੱਖਿਆ ਹੈ। ਦੱਸ ਦਈਏ ਕਿ ਵਿਲਫ੍ਰੈਡ ਲੌਰੀ ਨਿਕੋਲਸ ਦਾ ਜਨਮ ਬੀਤੇ ਬੁੱਧਵਾਰ ਨੂੰ ਲੰਡਨ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਵਿੱਚ ਹੋਇਆ ਸੀ।
ਇੰਸਟਾਗ੍ਰਾਮ ‘ਤੇ ਬੱਚੇ ਦੇ ਨਾਮ ਦੀ ਘੋਸ਼ਣਾ ਕਰਦਿਆਂ ਕੈਰੀ ਸਾਈਮੰਡਸ ਨੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੋ ਸਕਦੀ। ਬੱਚੇ ਦੇ ਜਨਮ ਤੋਂ ਕੁਝ ਹਫ਼ਤੇ ਪਹਿਲਾਂ ਹੀ ਬੌਰਿਸ ਜਾਨਸਨ ਨੂੰ ਸੇਂਟ ਥਾਮਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਿਥੇ ਉਨ੍ਹਾਂ ਦਾ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ।
ਪ੍ਰਧਾਨ ਮੰਤਰੀ ਬੌਰਿਸ ਜਾਨਸਨ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਕੰਮ ਤੇ ਪਰਤੇ ਸਨ। ਇੱਥੇ ਦੱਸ ਦਈਏ ਕਿ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ‘ਚ ਵੀ ਕੋਰੋਨਾ ਦੇ ਲੱਛਣਾਂ ਦੀ ਪੁਸ਼ਟੀ ਹੋਈ ਸੀ ਪਰ ਉਹ ਹੁਣ ਬਿਲਕੁਲ ਠੀਕ ਹਨ। ਬ੍ਰਿਟੇਨ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 80 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 28 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।