ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਹੁਣ ਸੀਆਰਪੀਐਫ ਦੇ ਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ । ਜਾਣਕਾਰੀ ਮੁਤਾਬਕ ਮਯੂਰ ਵਿਹਾਰ, ਦਿੱਲੀ ਵਿੱਚ ਤਾਇਨਾਤ ਸੀਆਰਪੀਐਫ ਦੀ 31 ਬਟਾਲੀਅਨ ਵਿੱਚ ਮੰਗਲਵਾਰ ਨੂੰ ਇੱਕ ਜਵਾਨ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸੇ ਬਟਾਲੀਅਨ ਦੇ 45 ਹੋਰ ਜਵਾਨ ਕੋਰੋਨਾ ਪਾਜਿਟਿਵ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਪੂਰੀ ਬਟਾਲੀਅਨ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਤੇ ਸਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਦਸ ਦੇਈਏ ਕਿ ਦਿੱਲੀ ਵਿੱਚ ਤਾਇਨਾਤ ਸੀਆਰਪੀਐਫ ਦਾ ਇੱਕ 55 ਸਾਲਾ ਜਵਾਨ ਇਥੋਂ ਦੇ ਸਫਦਰਜੰਗ ਹਸਪਤਾਲ ਵਿੱਚ ਜੇਰੇ ਇਲਾਜ ਸੀ ਅਤੇ ਇਹ ਅਸਾਮ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ । ਸੀਆਰਪੀਐਫ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ ਸੀਆਰਪੀਐਫ ਦੇ 46 ਮੈਂਬਰ ਕੋਰੋਨਾ ਵਾਇਰਸ ਨਾਲ ਸਕਾਰਾਤਮਕ ਪਾਏ ਗਏ ਹਨ, ਜਦਕਿ 257 ਟੈਸਟਾਂ ਦੇ ਨਤੀਜੇ ਆਉਣੇ ਬਾਕੀ ਹਨ। ਬਟਾਲੀਅਨ ਦੇ ਤਕਰੀਬਨ 1100 ਮੈਂਬਰਾਂ ਨੂੰ ਵੱਖ ਕੀਤਾ ਗਿਆ ਹੈ ਅਤੇ ਪੂਰੀ ਬਟਾਲੀਅਨ ਨੂੰ ਸੀਲ ਕਰ ਦਿੱਤਾ ਗਿਆ ਹੈ।