ਸੰਸਾਰ ਦੀ ਭਾਸ਼ਾ ਬਣ ਚੁੱਕੀ ਹੈ ਅੰਗਰੇਜ਼ੀ

TeamGlobalPunjab
3 Min Read

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਹੈ ਕਿ ਮਾਤ ਭਾਸ਼ਾ ਹਰੇਕ ਸ਼ਖ਼ਸ ਨੂੰ ਮਾਖ਼ਿਉਂ ਮਿੱਠੀ ਲੱਗਦੀ ਹੈ ਤੇ ਮਾਤ ਭਾਸ਼ਾ ‘ਚ ਹੀ ਅਸੀਂ ਆਪਣੇ ਜਜ਼ਬਾਤ ਵਧੀਆ ਢੰਗ ਨਾਲ ਪ੍ਰਗਟ ਕਰ ਸਕਦੇ ਹਾਂ ਪਰ ਬਦਲੀਆਂ ਭੂਗੌਲਿਕ, ਸਮਾਜਿਕ ਅਤੇ ਆਰਥਿਕ ਹਾਲਤਾਂ ਦੇ ਮੱਦੇਨਜ਼ਰ ਅੰਗਰੇਜ਼ੀ ਭਾਸ਼ਾ ਦਾ ਕੇਵਲ ਗਿਆਨ ਹੀ ਨਹੀਂ ਸਗੋਂ ਇਸ ਵਿੱਚ ਮੁਹਾਰਤ ਹੋਣਾ ਵੀ ਜ਼ਰੂਰੀ ਬਣਦਾ ਜਾ ਰਿਹਾ ਹੈ।

ਭਾਰਤ ਵਿੱਚ ਅੱਜ ਅੰਗਰੇਜ਼ੀ ਵਪਾਰ, ਰੁਜ਼ਗਾਰ ਤੇ ਸਤਿਕਾਰ ਦੀ ਭਾਸ਼ਾ ਬਣਦੀ ਜਾ ਰਹੀ ਹੈ। ਅੱਜ ਵਿਗਿਆਨ, ਇੰਜੀਨਿਅਰਿੰਗ, ਕੰਪਿਊਟਰ ਤੇ ਹੋਰ ਤਕਨੀਕੀ ਵਿਸ਼ਿਆਂ ਦੀ ਉੱਚ-ਪੱਧਰੀ ਜਾਣਕਾਰੀ ਹਾਸਿਲ ਕਰਨ ਲਈ ਅਧਿਕਤਰ ਪੁਸਤਕਾਂ ਅੰਗਰੇਜ਼ੀ ਭਾਸ਼ਾ ‘ਚ ਹੀ ਮਿਲਦੀਆਂ ਹਨ ਤੇ ਪੰਜਾਬ ਜਿਹੇ ਸੂਬੇ ਦੇ ਵਧੇਰੇ ਨੌਜਵਾਨ ਲੜਕੇ ਲੜਕੀਆਂ ਨੂੰ ਤਾਂ ਵਿਦੇਸ਼ ਜਾਣ ਲਈ ਅੰਗਰੇਜ਼ੀ ਦੀ ਮੁਹਾਰਤ ਵਾਲੇ ਟੈਸਟ ਪਾਸ ਕਰਨੇ ਪੈ ਰਹੇ ਹਨ।

ਅੱਜ ਕੌਮਾਂਤਰੀ ਅੰਗਰੇਜ਼ੀ ਭਾਸ਼ਾ ਦਿਵਸ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਹ ਦਿਵਸ ਮਨਾਉਣ ਦਾ ਫ਼ੈਸਲਾ ਸਾਲ 2010 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਲੋਕ ਸੰਪਰਕ ਵਿਭਾਗ ਦੀ ਸਿਫ਼ਾਰਿਸ਼ ‘ਤੇ ਕੀਤਾ ਗਿਆ ਸੀ ਤਾਂ ਜੋ ਬਹੁਭਾਸ਼ੀ ਤੇ ਬਹੁਸੱਭਿਆਚਾਰੀ ਸੰਸਾਰ ਨੂੰ ਇੱਕ ਭਾਸ਼ਾ ਦੇ ਧਾਗੇ ਰਾਹੀਂ ਇੱਕ ਮਾਲਾ ‘ਚ ਪਰੋਇਆ ਜਾ ਸਕੇ। ਅੰਗਰੇਜ਼ੀ ਲਈ ਇਹੋ ਦਿਨ ਚੁਣੇ ਜਾਣ ਦਾ ਵੱਡਾ ਕਾਰਨ ਇਸ ਦਿਨ ਮਹਾਨ ਅੰਗਰੇਜ਼ੀ ਸਾਹਿਤਕਾਰ ਵਿਲੀਅਮ ਸ਼ੈਕਸਪੀਅਰ ਦੀ ਬਰਸੀ ਦਾ ਹੋਣਾ ਹੈ। ਸ਼ੈਕਸਪੀਅਰ ਦਾ ਦੇਹਾਂਤ 23 ਅਪ੍ਰੈਲ,1616 ਨੂੰ ਹੋਇਆ ਸੀ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਅੰਗਰੇਜ਼ੀ ਵਿਸ਼ਵ ਦੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਫਰੈਂਚ ਭਾਸ਼ਾ ਦੇ ਨਾਲ ਇਹ ਸੰਯੁਕਤ ਰਾਸ਼ਟਰ ਸਕੱਤਰੇਤ ਵਿੱਚ ਵਰਤੀ ਜਾਣ ਵਾਲੀ ਦੂਜੀ ਭਾਸ਼ਾ ਹੈ। ਉਂਜ ਸੰਯੁਕਤ ਰਾਸ਼ਟਰ ਦੁਆਰਾ ਦਫ਼ਤਰੀ ਭਾਸ਼ਾਵਾਂ ਵਜੋਂ ਮਾਨਤਾ ਪ੍ਰਾਪਤ ਬਾਕੀ ਚਾਰ ਭਾਸ਼ਾਵਾਂ ਵਿੱਚ ਅਰਬੀ, ਸਪੈਨਿਸ਼, ਚੀਨੀ ਅਤੇ ਰੂਸੀ ਆਦਿ ਭਾਸ਼ਾਵਾਂ ਸ਼ਾਮਿਲ ਹਨ।

ਦੁਨੀਆ ਭਰ ਵਿੱਚ ਅੰਗਰੇਜ਼ੀ ਦੇ ਵਿਸ਼ਾਲ ਪ੍ਰਸਾਰ ਨੂੰ ਵੇਖ਼ਦਿਆਂ ਹੋਇਆਂ ਇਸ ਨੂੰ ‘ਆਧੁਨਿਕ ਯੁਗ ਦੀ ਵਿਸ਼ਵ ਭਾਸ਼ਾ’ ਵੀ ਆਖ਼ ਦਿੱਤਾ ਜਾਂਦਾ ਹੈ। ਕੁੱਲ ਦੁਨੀਆ ਦੇ 67 ਦੇਸ਼ਾਂ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਹੈ।

ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਕੁਝ ਦਿਲਚਸਪ ਤੱਥਾਂ ਦੀ ਜੇ ਗੱਲ ਕਰੀਏ ਤਾਂ ਇਸ ਭਾਸ਼ਾ ਨੂੰ ਸਭ ਤੋਂ ਵੱਧ ਗਤੀਸ਼ੀਲ ਭਾਸ਼ਾ ਹੋਣ ਦਾ ਮਾਣ ਹਾਸਲ ਹੈ ਭਾਵ ਇਸ ਭਾਸ਼ਾ ਵਿੱਚ ਹਰ ਸਾਲ ਅਨੇਕਾਂ ਨਵੇਂ ਸ਼ਬਦ ਸ਼ਾਮਿਲ ਹੁੰਦੇ ਹਨ। ਔਸਤਨ ਇੱਕ ਹਜ਼ਾਰ ਸ਼ਬਦ ਹਰ ਸਾਲ ਆਕਸਫ਼ੋਰਡ ਆਨਲਾਈਨ ਸ਼ਬਦਕੋਸ਼ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ।

ਅੰਗਰੇਜ਼ੀ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ,ਪ੍ਰਾਚੀਨ ਤੇ ਸਭ ਤੋਂ ਛੋਟਾ ਅਰਥ-ਭਰਪੂਰ ਸ਼ਬਦ ‘ ਆਈ’ ਭਾਵ ‘ਮੈਂ’ ਹੈ। ਅੰਗਰੇਜ਼ੀ ਨੂੰ ‘ਆਸਮਾਨ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ ਕਿਉਂਕਿ ਕੌਮਾਂਤਰੀ ਨੇਮਾਂ ਅਨੁਸਾਰ ਕੌਮਾਂਤਰੀ ਉਡਾਣਾਂ ਦੇ ਸਮੇਂ ਹਰੇਕ ਪਾਇਲਟ ਨੂੰ ਅੰਗਰੇਜ਼ੀ ਭਾਸ਼ਾ ‘ਚ ਹੀ ਗੱਲ ਕਰਨੀ ਪੈਂਦੀ ਹੈ।

Share This Article
Leave a Comment