ਪੰਜਾਬ ਸੂਬੇ ਅਧੀਨ ਆਉਂਦੇ ਸਾਰੇ ਟੋਲ ਪਲਾਜ਼ਾ ਹੁਣ 3 ਮਈ ਤੱਕ ਰਹਿਣਗੇ ਬੰਦ : ਲੋਕ ਨਿਰਮਾਣ ਮੰਤਰੀ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸੂਬੇ ‘ਚ ਕਰਫਿਊ ਦੀ ਮਿਆਦ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਇਸ ‘ਚ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਅਧੀਨ ਆਉਂਦੇ ਸਾਰੇ ਟੋਲ ਪਲਾਜ਼ਾ ‘ਤੇ ਉਗਰਾਹੀ ਦੀ ਮੁਅੱਤਲੀ ਮਿਆਦ ਵਿਚ ਵੀ 3 ਮਈ ਤੱਕ ਵਾਧਾ ਕੀਤਾ ਗਿਆ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਕੈਬਨਿਟ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਦਿੱਤੀ ਗਈ।

ਉਨ੍ਹਾਂ ਅੱਜ ਕਿਹਾ ਕਿ 27 ਮਾਰਚ ਨੂੰ ਉਗਰਾਹੀ ਪ੍ਰਕਿਰਿਆਂ ਨੂੰ ਲੌਕਡਾਊਨ ਦੀ ਸੀਮਾ ਤੱਕ ਰੋਕ ਦਿੱਤਾ ਗਿਆ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਫੈਲਾਅ ਨੂੰ ਵੇਖਦੇ ਹੋਏ ਦੇਸ਼ ‘ਚ ਵੀ ਲੌਕਡਾਊਨ ਦੀ ਮਿਆਦ ਨੂੰ 3 ਮਈ ਤੱਕ ਵਧਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਸੂਬੇ ਦੇ ਟੋਲ ਪਲਾਜ਼ਾ 3 ਮਈ ਤੱਕ ਬੰਦ ਰਹਿਣਗੇ ਅਤੇ ਇਨ੍ਹਾਂ ਟੋਲ ਪਲਾਜ਼ਾ ‘ਤੇ ਉਗਰਾਹੀ ਦੀ ਮੁਅੱਤਲੀ ਮਿਆਦ ਵੀ 3 ਮਈ ਤੱਕ ਵਧਾ ਦਿੱਤੀ ਗਈ ਹੈ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ NHAI ਅਧੀਨ ਆਉਂਦੇ ਟੋਲ ਪਲਾਜ਼ਾ ਨੂੰ 20 ਅਪ੍ਰੈਲ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।

ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਤਾਲਾਬੰਦੀ ਕਾਰਨ ਸੜਕ ਦੇ ਕਿਨਾਰੇ ਬਣੇ ਢਾਬੇ ਅਤੇ ਰੈਸਟੋਰੈਂਟ ਬੰਦ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਮੁਫ਼ਤ ਰਾਹਦਾਰੀ ਮੁਹੱਈਆ ਕਰਾਉਣ ਦੇ ਨਾਲ ਨਾਲ ਸੂਬਾ ਸਰਕਾਰ ਅਧੀਨ ਚੱਲ ਰਹੇ ਟੋਲ ਪਲਾਜ਼ਾ 3 ਮਈ ਤੱਕ ਡਰਾਈਵਰਾਂ ਨੂੰ ਲੰਗਰ (ਮੁਫਤ ਭੋਜਨ) ਦਿੰਦੇ ਰਹਿਣਗੇ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਸਬੰਧੀ ਹੁਕਮ ਸਬੰਧਤ ਧਿਰਾਂ ਨੂੰ ਪਹਿਲਾਂ ਹੀ ਭੇਜ ਦਿੱਤੇ ਗਏ ਹਨ।

Share This Article
Leave a Comment