-ਜਗਤਾਰ ਸਿੰਘ ਸਿੱਧੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਿੱਖ ਸੰਗਤਾਂ ਨੂੰ ਵਾਰ-ਵਾਰ ਅਪੀਲਾਂ ਕਰ ਰਹੇ ਹਨ ਕਿ ਗੁਰੂ ਘਰ ਦੇ ਲੰਗਰ ਵਾਸਤੇ ਰਾਸ਼ਨ ਅਤੇ ਮਾਇਆ ਦੀ ਸੇਵਾ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਲੰਗਰ ਦੀ ਸੇਵਾ ਲਈ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜਿਹੀ ਸਥਿਤੀ ਕਿਉਂ ਬਣੀ? ਸਿੱਖਾਂ ਦੀਆਂ ਭਾਰੀ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਘਾਰ ਕਿਉਂ ਹੋ ਗਿਆ ਹੈ?
ਐਡੀ ਮਹਾਨ ਸੰਸਥਾ ਕੇਵਨ ਕੋਰੋਨਾ ਮਹਾਮਾਰੀ ਦੌਰਾਨ ਲੰਗਰ ਦੀ ਸੇਵਾ ਨਿਭਾਉਣ ਕਾਰਨ ਧੁਰ ਅੰਦਰ ਤੱਕ ਖੋਖਲੀ ਨਹੀਂ ਹੋ ਸਕਦੀ। ਪੰਥਕ ਹਲਕਿਆਂ ਵਿੱਚ ਸੁਆਲ ਉੱਠ ਰਹੇ ਹਨ ਕਿ ਪਿਛਲੇ ਕੁਝ ਦਿਨਾਂ ਅੰਦਰ ਰੱਖੀ ਲੰਗਰ ਸੇਵਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਥਿਕ ਤੌਰ ‘ਤੇ ਵੱਡੇ ਸੰਕਟ ਵਿੱਚ ਘਿਰ ਗਈ ਜਾਂ ਕਾਰਨ ਹੋਰ ਹੀ ਹਨ? ਸਭ ਤੋਂ ਵੱਡਾ ਸੁਆਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਰੋਸੇਯੋਗਤਾ ‘ਤੇ ਉੱਠ ਰਹੇ ਹਨ। ਪਿਛਲੇ ਅਰਸੇ ਦੌਰਾਨ ਲਗਾਤਾਰ ਪੰਥਕ ਹਲਕਿਆਂ ਵਿੱਚ ਬਹਿਸ ਛਿੜੀ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਬਾਦਲ ਪਰਿਵਾਰ ਦਾ ਕਬਜਾ ਹੈ ਅਤੇ ਬਾਦਲਾਂ ਵੱਲੋਂ ਆਪਣੇ ਰਾਜਸੀ ਮੰਤਵ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸਤੇਮਾਲ ਕੀਤਾ ਜਾਂਦਾ ਹੈ।
ਅਜਿਹਾ ਪ੍ਰਭਾਵ ਰਾਤੋ ਰਾਤ ਨਹੀਂ ਬਣਿਆ ਸਗੋਂ ਘਟਨਾਵਾਂ ਦੀ ਲੜੀ ਹੈ। ਮਿਸਾਲ ਵਜੋਂ ਡੇਰਾ ਸਿਰਸਾ ਸਾਧ ਨੂੰ ਮੁਆਫੀਨਾਮਾ ਦੇਣਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਘੱਟ ਗਿਣਤੀਆਂ ‘ਤੇ ਹਮਲਿਆਂ ਵੇਲੇ ਅਕਾਲੀ ਲੀਡਰਸ਼ਿਪ ਦਾ ਚੁੱਪੀ ਧਾਰਨਾ, ਫੈਡਰਲ ਢਾਂਚਾ ‘ਤੇ ਹੋਏ ਹਮਲਿਆਂ ਬਾਰੇ ਚੁੱਪ ਰਹਿਣ ਸਮੇਤ ਅਨੇਕਾਂ ਕਾਰਨ ਹਨ। ਇਹ ਸਹੀ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਥਿਤੀ ਅਜਿਹੀ ਬਣ ਗਈ ਹੈ ਕਿ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਸਮੇਤ ਸਾਰੇ ਗੁਰਦੁਆਰਾ ਸਾਹਿਬਾਨਾਂ ਵਿੱਚ ਸ਼ਰਧਾਲੂਆਂ ਦੀ ਆਮਦ ਨਾਂ ਮਾਤਰ ਰਹਿ ਗਈ ਹੈ। ਸੁਭਾਵਿਕ ਹੈ ਕਿ ਇਸ ਦਾ ਚੜਾਵੇ ‘ਤੇ ਸਿੱਧਾ ਅਸਰ ਪਿਆ ਹੈ। ਸੁਆਲ ਤਾਂ ਇਹ ਵੀ ਉੱਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਨਿੱਤ ਆਏ ਚੜਾਵੇ ਨਾਲ ਚੱਲਦਾ ਹੈ ਅਤੇ ਕਮੇਟੀ ਕੋਲ ਪਹਿਲਾਂ ਕੋਈ ਸ਼ਰਮਾਇਆ ਨਹੀਂ ਸੀ?
ਜੇਕਰ ਇਸ ਸਥਿਤੀ ਨੂੰ ਮੰਨ ਵੀ ਲਿਆ ਜਾਵੇ ਤਾਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਅਪੀਲ ਨੂੰ ਕੋਈ ਹੁੰਗਾਰਾ ਕਿਉਂ ਨਹੀਂ ਦੇ ਰਹੀਆਂ? ਇਹ ਉਹ ਭਾਈਚਾਰਾ ਹੈ ਜਿਸ ਨੇ ਮਜ਼ਲੂਮਾਂ ਦੀ ਰੱਖਿਆ ਲਈ ਸੀਸ ਕਟਵਾਏ ਅਤੇ ਆਰਿਆਂ ਨਾਲ ਚੀਰੇ ਗਏ। ਇਸ ਭਾਈਚਾਰੇ ਦਾ ਜੇਕਰ ਭਰੋਸਾ ਟੁੱਟਿਆ ਹੈ ਤਾਂ ਕੌਣ ਜ਼ਿੰਮੇਵਾਰ ਹੈ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਤੋਂ ਮੌਜੂਦਾ ਸੰਕਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਘਟਿਆ ਹੈ ਅਤੇ ਸਿੱਖਾਂ ਅੰਦਰ ਮੌਜੂਦਾ ਲੀਡਰਸ਼ਿਪ ਵਿਰੁੱਧ ਰੋਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾਵਾਦ ਨੂੰ ਰੋਕਣ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਦੇ ਸੀਨੀਅਰ ਆਗੂ ਆਪਣੀਆਂ ਵੋਟਾਂ ਬਟੋਰਨ ਲਈ ਡੇਰਿਆਂ ਨੂੰ ਥਾਪੜਾ ਦਿੰਦੇ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੰਡਾਂ ਨੂੰ ਆਪੋ ਆਪਣੇ ਹਲਕਿਆਂ ਅੰਦਰ ਰਾਜਸੀ ਮੰਤਵਾਂ ਲਈ ਇਸਤੇਮਾਲ ਕਰਦੇ ਰਹੇ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਦੇ ਕੇ ਬਣੀ ਸੰਸਥਾ ਵਿੱਚ ਆਇਆ ਨਿਘਾਰ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਬਚਾਉਣ ਲਈ ਵੱਡੇ ਸੁਧਾਰ ਦੀ ਜ਼ਰੂਰਤ ਹੈ।
ਸ਼੍ਰੋਮਣੀ ਕਮੇਟੀ ਸੰਗਤੀ ਪ੍ਰਬੰਧ ਹੈ ਅਤੇ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਜੇਕਰ ਅਸੀਂ ਸ਼੍ਰ੍ਰੋ੍ਮਣੀ ਕਮੇਟੀ ਨੂੰ ਨਾ ਬਚਾ ਸਕੇ ਤਾਂ ਇਤਿਹਾਸ ਕਦੇ ਮਾਫ ਨਹੀਂ ਕਰੇਗਾ ਅਤੇ ਅਸੀਂ ਸਮੁੱਚੀ ਕੌਮ ਅੱਗੇ ਜੁਆਬਦੇਹ ਹਾਂ ਕਿਉਂ ਜੋ ਇਹ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਸਾਬਕਾ ਮੈਂਬਰ ਅਮਰਿੰਦਰ ਸਿੰਘ ਨੇ ਤਾਂ ਮਹਾਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਲੰਗਰਾਂ ‘ਤੇ ਵੀ ਸੁਆਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਗਰਾਂ ਦੇ ਖਰਚੇ ਦਾ ਕੋਈ ਹਿਸਾਬ ਕਿਤਾਬ ਨਹੀਂ ਰੱਖਿਆ ਗਿਆ ਉਨ੍ਹਾਂ ਇਹ ਵੀ ਕਿਹਾ ਕਿ ਵੱਡੀ ਪੱਧਰ ‘ਤੇ ਲੰਮੇ ਸਮੇਂ ਲਈ ਮਹਾਮਾਰੀ ‘ਚ ਲੰਗਰ ਲਾਉਣ ਦੀ ਬਜਟ ਦੀ ਪ੍ਰਵਾਨਗੀ ਕਿਸ ਪੱਧਰ ‘ਤੇ ਲਈ ਗਈ? ਉਨ੍ਹਾਂ ਕਿਹਾ ਕਿ ਕੁਦਰਤੀ ਆਫਤਾਂ ਵੇਲੇ ਸੀਮਤ ਦਿਨਾਂ ਲਈ ਪਹਿਲਾਂ ਵੀ ਕਮੇਟੀ ਲੰਗਰ ਲਾਉਂਦੀ ਰਹੀ ਹੈ ਪਰ ਸਰਕਾਰਾਂ ਦੇ ਪੱਧਰ ‘ਤੇ ਨਿਭਾਈ ਜਾਣ ਵਾਲੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਕਿੰਨੇ ਸਮੇਂ ਤੱਕ ਚੱਕ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਲੀਡਰਸ਼ਿਪ ਦਾ ਆਪਣਾ ਕੋਈ ਵਜੂਦ ਨਹੀਂ ਹੈ ਅਤੇ ਉਹ ਬਾਦਲਾਂ ਦੇ ਇਸ਼ਾਰੇ ‘ਤੇ ਚੱਲਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਦਾ ਕਹਿਣਾ ਹੈ ਕਿ ਇਸ ਸੰਕਟ ਦੀ ਘੜੀ ਲੰਗਰ ਸੇਵਾ ਨੇ ਸਿੱਖ ਭਾਈਚਾਰੇ ਦਾ ਨਾਂ ਉੱਚਾ ਕੀਤਾ ਹੈ। ਹਾਕਮ ਧਿਰ ਦਾ ਦਾਅਵਾ ਹੈ ਕਿ ਸਿੱਖ ਸੰਗਤ ਨੇ ਹਮੇਸ਼ਾ ਉਨ੍ਹਾਂ ‘ਤੇ ਭਰੋਸਾ ਪ੍ਰਗਟ ਕੀਤਾ ਹੈ।
ਸੁਆਲ ਤਾਂ ਇਹ ਵੀ ਉੱਠ ਰਹੇ ਹਨ ਕਿ ਸਮੁੱਚੇ ਨਿਘਾਰ ਦੇ ਪ੍ਰਬੰਧਾਂ ਨੂੰ ਲੰਗਰ ਨਾਲ ਜੋੜ ਕੇ ਪੱਲਾ ਕਿਉਂ ਝਾੜਿਆ ਜਾ ਰਿਹਾ ਹੈ? ਮਰਹੂਮ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਐੱਫ.ਡੀਜ਼ ਨਾਲ ਕਮੇਟੀ ਕੋਲ ਚੰਗਾ ਪੈਸਾ ਜਮ੍ਹਾ ਹੋ ਗਿਆ ਸੀ। ਜਥੇਦਾਰ ਟੌਹੜਾ ਆਖਦੇ ਸਨ ਕਿ ਸੰਕਟ ਵੇਲੇ ਇਹ ਪੈਸਾ ਕੰਮ ਆਏਗਾ। ਜਥੇਦਾਰ ਟੌਹੜਾ ਦੇ ਅੱਖਾਂ ਮੀਚਦਿਆਂ ਹੀ ਐੱਫ.ਡੀਜ਼ ਧੜਾਧੜ ਟੁੱਟ ਗਈਆਂ।
ਸਕੂਲਾਂ ਅਤੇ ਕਾਲਜਾਂ ਦੀਆਂ ਬਿਲਡਿੰਗਾਂ ਬਣਨ ਲੱਗੀਆਂ। ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ਬਣ ਗਈ। ਬੱਸਾਂ ਖਰੀਦੀਆਂ ਗਈਆਂ। ਮੈਨੇਜਰਾਂ ਲਈ ਕਾਰਾਂ ਆ ਗਈਆਂ। ਲੱਖਾਂ ਰੁਪਏ ਤਨਖਾਹ ਵਾਲੇ ਅਧਿਕਾਰੀ ਆ ਗਏ। ਸ਼੍ਰੋਮਣੀ ਕਮੇਟੀ ਦਾ ਜਮਹੂਰੀ ਢਾਂਚਾ ਤਬਾਹ ਹੋ ਗਿਆ। ਜਨਰਲ ਹਾਊਸ ‘ਚ ਕੇਵਲ ਹਾਕਮ ਧਿਰ ਦੇ ਮਤੇ ਪਾਸ ਕਰਵਾਉਣ ਲਈ ਹੱਥ ਖੜ੍ਹੇ ਕਰਾਉਣ ਵਾਸਤੇ ਰਹਿ ਗਏ। ਇਹੋ ਜਿਹੀ ਸਥਿਤੀ ‘ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਦੀ ਅਪੀਲ ਜੇਕਰ ਮੀਡੀਆ ਦੀ ਇੱਕ ਸੁਰਖੀ ਬਣ ਕੇ ਰਹਿ ਜਾਂਦੀ ਹੈ ਤਾਂ ਕੋਈ ਹੈਰਾਨੀਜਨਕ ਗੱਲ ਨਹੀਂ। ਇਸ ਸਥਿਤੀ ਦੇ ਸੁਧਾਰ ਲਈ ਧੜਿਆਂ ਤੋਂ ਉੱਪਰ ਉੱਠ ਕੇ ਸੋਚਣ ਦੀ ਲੋੜ ਹੈ।
ਸੰਪਰਕ : 9814002186