-ਡਾ ਮੱਖਣ ਸਿੰਘ ਭੁੱਲਰ
ਫਸਲ ਵਿਗਿਆਨੀ
ਇਸ ਸਾਲ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਲੁਆਈ ਸਮੇਂ ਮਜ਼ਦੂਰਾਂ ਦੀ ਘਾਟ ਪੈਣ ਦੇ ਆਸਾਰ ਬਣੇ ਹੋਏ ਹਨ। ਇਸ ਸੰਦਰਭ ਵਿੱਚ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਈ ਹੋ ਸਕਦੀ ਹੈ। ਇਸ ਕਰਕੇ ਕਿਸਾਨ ਭਰਾਵਾਂ ਨੂੰ ਝੋਨੇ ਦੀ ਲੁਆਈ ਸ਼ੁਰੂ ਹੋਣ ਤੋਂ ਪਹਿਲਾਂ, ਖਾਸ ਕਰਕੇ ਜੂਨ ਦਾ ਪਹਿਲਾ ਪੰਦਰਵਾੜਾ, ਕੁਝ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿੰਨ ਸਾਲ (2017 ਤੋਂ2019) ਕੀਤੇ ਤਜਰਬਿਆਂ ਦੇ ਆਧਾਰ ਤੇ ਝੋਨੇ ਦੀ ਸਿੱਧੀ ਬਿਜਾਈ ਦੀ ਨਵੀਂ ਤਕਨੀਕ ਵਿਕਸਿਤ ਕੀਤੀ ਗਈ ਹੈ ਜਿਸ ਨੂੰ ਇਕ ਚੰਗੇ ਪੱਧਰ ‘ਤੇ ਕਿਸਾਨਾਂ ਦੇ ਖੇਤਾਂ ਵਿੱਚ ਸਫ਼ਲਤਾਪੂਰਵਕ ਪਿਛਲੇ ਸਾਲ ਟੈਸਟ ਕੀਤਾ ਜਾ ਚੁੱਕਿਆ ਹੈ। ਇਹ ਤਕਨੀਕ ਅਪਨਾਉਣ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ ਅਤੇ ਫਿਰ ਰੌਣੀ ਕਰਨ ਤੋਂ ਬਾਅਦ ਤਰ ਵੱਤਰ ਖੇਤ ਵਿੱਚ ਮਸ਼ੀਨ ਨਾਲ ਸਿੱਧੀ ਬਿਜਾਈ ਕਰ ਦਿਉ।
ਬਿਜਾਈ ਕਰਨ ਲਈ “ਲੱਕੀ ਸੀਡ ਡਰਿਲ”, ਜੋ ਕਿ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇਅ ਨਾਲੋ ਨਾਲ ਕਰਦੀ ਹੈ, ਨੂੰ ਤਰਜੀਹ ਦਿਓ। ਬਿਜਾਈ ਲਈ 8-10 ਕਿੱਲੋ ਬੀਜ ਪ੍ਰਤਿ ਏਕੜ ਵਰਤੋ। ਜੇਕਰ ਲੱਕੀ ਡਰਿਲ ਨਾ ਮਿਲੇ ਤਾਂ ਤਿਰਛੀ ਪਲੇਟ (ਇਨਕਲਾਈਂਡ ਪਲੇਟ ਮੀਟਰਿੰਗ ਮਕੈਨਿਜ਼ਮ) ਵਾਲੇ ਟਰੈਕਟਰ ਡਰਿਲ ਨਾਲ ਬਿਜਾਈ ਕਰਕੇ ਤੁਰੰਤ ਨਦੀਨ ਨਾਸ਼ਕ ਦੀ ਸਪਰੇ ਕਰ ਦਿਉ। ਸਪਰੇ ਲਈ ਸਟੌਂਪ/ਬੰਕਰ 30% (ਪੈਂਡੀਮੈਥਾਲਿਨ) ਨਦੀਨ ਨਾਸ਼ਕ ਇੱਕਲਿਟਰ ਪ੍ਰਤੀ ਏਕੜ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤੋ। ਬੀਜ ਨੂੰ 8 ਘੰਟੇ ਪਾਣੀ ਵਿਚ ਭਿਉਣ ਮਗਰੋਂ ਛਾਂਵੇਂ ਸੁਕਾ ਲਵੋ। ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜੈਬ + ਕਾਰਬੈਂਡਾਜ਼ਿਮ ) ਨੂੰ 10-12 ਮਿਲੀਲਿਟਰ ਪਾਣੀ ਵੱਚ ਘੋਲ ਕੇ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਲੇਪ ਬਣਾ ਕੇ ਸੋਧ ਲਵੋ। ਪਹਿਲਾ ਪਾਣੀ ਬਿਜਾਈ ਦੇ 21 ਦਿਨਾਂ ਬਾਅਦ ਲਾਉ। ਬਾਅਦ ਵਾਲੇ ਪਾਣੀ ਮੌਨਸੂਨ ਦੀ ਵਰਖਾ ਦੇ ਆਧਾਰ ਤੇ ਲਾਓ। ਜੂਨ ਦੇ ਮਹੀਨੇ ਅੱਤ ਦੀ ਗਰਮੀ ਪੈਂਦੀ ਹੈ ਅਤੇ ਪਾਣੀ ਦਾ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ।
ਸਿੱਧੀ ਬਿਜਾਈ ਦੀ ਨਵੀਂ ਤਕਨੀਕ ਨਾਲ ਇਕ ਤਾਂ ਪਾਣੀ ਦੀ ਬਹੁਤ ਬੱਚਤ ਹੁੰਦੀ ਹੈ। ਦੂਸਰਾ, ਪਹਿਲਾਂ ਪਾਣੀ ਲੇਟ ਕਰਨ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ।
ਤੀਸਰਾ, ਪਹਿਲਾਂ ਪਾਣੀ ਲੇਟ ਕਰਨ ਨਾਲ ਝੋਨੇ ਦੇ ਬੂਟੇ ਦੀਆਂ ਜੜ੍ਹਾਂ ਡੂੰਘੀਆਂ ਚਲੀਆਂ ਜਾਂਦੀਆਂ ਹਨ ਜਿਸ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਬਹੁਤ ਘੱਟ ਆਉਂਦੀ ਹੈ। ਚੌਥਾ, ਇਸ ਨਵੀਂ ਤਕਨੀਕ ਨਾਲ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ( ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲਵਾਲੀ ਮੈਰਾ ) ਵਿੱਚ ਕੀਤੀ ਜਾ ਸਕਦੀ ਹੈ ਜਿਹੜੀਆਂ ਕਿ ਇਸ ਸੂਬੇ ਵਿੱਚ 87 ਪ੍ਰਤੀਸ਼ਤ ਹਿੱਸੇ ਵਿੱਚ ਪਾਈਆਂ ਜਾਂਦੀਆਂ ਹਨ । ਪੰਜਵਾਂ, ਇਸ ਨਵੀਂ ਤਕਨੀਕ ਨਾਲ ਬੀਜੇ ਝੋਨੇ ਦੀ ਆਰਥਿਕਤਾ (ਮੁਨਾਫ਼ਾ) ਕੱਦੂ ਕੀਤੇ ਖੇਤ ਵਿੱਚ ਪਨੀਰੀ ਰਾਹੀਂ ਲਗਾਏ ਝੋਨੇ ਦੇ ਬਰਾਬਰ ਹੁੰਦੀ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਤਰਜੀਹ ਦਿਓ। ਝੋਨੇ ਦੀ ਸਿੱਧੀ ਬਿਜਾਈ ਦੀ ਇਸ ਨਵੀਂ ਤਕਨੀਕ ਨੂੰ ਅਪਨਾਉਣ ਨਾਲ ਪਾਣੀ ਦੀ ਵੀ ਬੱਚਤ ਹੋਵੇਗੀ।
ਸੰਪਰਕ: 98728 11350