ਹੁਸ਼ਿਆਰਪੁਰ : ਇਕ ਪਾਸੇ ਜਿੱਥੇ ਸਰਕਾਰ ਵੱਲੋਂ ਹਰ ਦਿਨ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਕੋਰੋਨਾ ਵਾਇਰਸ ਦੇ ਇਕ ਸ਼ੱਕੀ ਮਰੀਜ਼ ਨੇ ਇਥੇ ਵੱਡੀ ਅਣਗਹਿਲੀ ਵਰਤੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਇਥੇ ਦੇ ਸਿਵਲ ਹਸਪਤਾਲ ਵਿੱਚੋਂ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਰਾਤ ਸਮੇਂ ਖਿੜਕੀ ਤੋੜ ਕੇ ਫਰਾਰ ਹੋ ਗਿਆ ।
ਰਿਪੋਰਟਾਂ ਅਨੁਸਾਰ ਇਹ ਵਿਅਕਤੀ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਨਾਮ ਯੂਸ਼ਫ ਖਾਨ ਦੱਸਿਆ ਜਾ ਰਿਹਾ ਹੈ । ਖਾਨ ਨੂੰ ਬੀਤੇ ਦਿਨੀਂ ਦਸੂਹਾ ਦੇ ਰੇਲਵੇ ਸਟੇਸ਼ਨ ਤੋਂ ਫੜ੍ਹ ਕੇ ਕੁਆਰਟੀਨ ਕੀਤਾ ਗਿਆ ਸੀ । ਰਿਪੋਰਟਾਂ ਅਨੁਸਾਰ ਇਸ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੇ ਜਿਆਦਾ ਲੱਛਣ ਨਹੀਂ ਸਨ ਦਿਖਾਈ ਦੇ ਰਹੇ । ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਵਲੋਂ ਪਹਿਲਾਂ ਵੀ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ।