ਪੰਜਾਬ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Rajneet Kaur
2 Min Read

ਚੰਡੀਗੜ੍ਹ: ਪੰਜਾਬ ਪੁਲਿਸ ਨੇ ਬਟਾਲਾ ਦੇ ਫ਼ਤਿਹਗੜ੍ਹ ਚੂੜੀਆਂ ਤੋਂ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।  ਡਾਇਰੈਕਟਰ ਜਨਰਲ ਆਫ਼ ਪੁਲਿਸ ਗੌਰਵ ਯਾਦਵ ਨੇ ਇਹ ਜਾਣਕਾਰੀ  ਦਿੱਤੀ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਬਟਾਲਾ ਦੇ ਪਿੰਡ ਠੇਠਰਕੇ ਦੇ ਅਨਮੋਲ ਸਿੰਘ, ਬਟਾਲਾ ਦੇ ਪਿੰਡ ਗੁਰਚੱਕ ਦੇ ਕਰਨਦੀਪ ਮਸੀਹ ਅਤੇ ਬਟਾਲਾ ਦੇ ਸ਼ਾਹਪੁਰ ਜਾਜਨ ਦੇ ਜਗਰੂਪ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ ‘ਚੋਂ 15 ਜਿੰਦਾ ਕਾਰਤੂਸ ਅਤੇ ਮੈਗਜ਼ੀਨਾਂ ਸਮੇਤ ਕੁੱਲ 11 ਪਿਸਤੌਲਾਂ, ਜਿਹਨਾਂ ਵਿੱਚ .32 ਬੋਰ ਦੀਆਂ 6 ਪਿਸਤੌਲਾਂ ਤੇ .30 ਬੋਰ ਦੀਆਂ ਪੰਜ ਪਿਸਤੌਲਾਂ ਸ਼ਾਮਿਲ ਹਨ, 2 ਲੱਖ ਰੁਪਏ ਨਕਦੀ ਅਤੇ ਇੱਕ ਸਪਲੈਂਡਰ ਮੋਟਰਸਾਈਕਲ, ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ.ਬੀ.18 ਪੀ 5023 ਹੈ, ਬਰਾਮਦ ਕੀਤਾ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਸੂਬੇ ਵਿੱਚ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਨ ਲਈ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕੀਤੇ ਜਾਣ ਦੀ ਗੁਪਤ ਸੂਚਨਾ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਦੀਆਂ ਪੁਲਿਸ ਟੀਮਾਂ ਨੇ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਬਟਾਲਾ ਦੇ ਫਤਿਹਗੜ੍ਹ ਚੂੜੀਆਂ ਤੋਂ ਤਿੰਨ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸਨ।
ਡੀਜੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਮੱਧ ਪ੍ਰਦੇਸ਼ ਤੋਂ ਹਥਿਆਰ ਅਤੇ ਗੋਲਾ ਬਾਰੂਦ ਖਰੀਦਣ ਲਈ ਅਮਰੀਕਾ ਅਧਾਰਤ ਉਹਨਾਂ ਦੇ ਸਾਥੀਆਂ ਤੋਂ ‘ਹਵਾਲਾ’ ਰਾਹੀਂ ਪੈਸੇ ਭੇਜੇ ਜਾ ਰਹੇ ਸਨ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ, ਹਥਿਆਰਾਂ ਦੀ ਖਰੀਦ ਅਤੇ ਸਪਲਾਈ ਚੇਨ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਅਧਾਰਤ ਸਾਥੀਆਂ ਦੀ ਪਛਾਣ ਬਟਾਲਾ ਦੇ ਪਿੰਡ ਗੁਰਚੱਕ ਦੇ ਵਸਨੀਕ ਕਿਰਨਦੀਪ ਸਿੰਘ ਰੰਧਾਵਾ ਅਤੇ ਤਰਨਤਾਰਨ ਦੇ ਨੌਰੰਗਾਬਾਦ ਦੇ ਮੂਲ ਨਿਵਾਸੀ ਜਰਮਜੀਤ ਸਿੰਘ ਵਜੋਂ ਹੋਈ ਹੈ।

Share this Article
Leave a comment