-ਦਰਸ਼ਨ ਸਿੰਘ ਖੋਖਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਾਮਲੇ ਨੂੰ ਲੈ ਕੇ ਗਲ਼ਤ ਅੰਕੜਿਆਂ ਦੀ ਜੋ ਖੇਡ ਖੇਡੀ ਹੈ ਉਸ ਕਾਰਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਜਾਣ ਵਾਲੇ ਅੰਕੜਿਆਂ ਬਾਰੇ ਫਿਰ ਤੋਂ ਚਰਚਾ ਚੱਲ ਪਈ ਹੈ।
ਕੋਰੋਨਾ ਦੇ ਵਧਣ ਵਾਲੇ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਅੰਕੜੇ ਪੇਸ਼ ਕੀਤੇ ਉਸ ਨਾਲ ਪੰਜਾਬ ਨੂੰ ਇਸ ਤਰ੍ਹਾਂ ਪੇਸ਼ ਕਰ ਦਿੱਤਾ ਜਿਵੇਂ ਕਿ ਪੰਜਾਬ ਵਿੱਚ ਕੁੱਲ ਦੁਨੀਆਂ ਨਾਲੋਂ ਕਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ। ਇਸ ਨਾਲ ਕੋਰੋਨਾ ( ਕੋਵਿਡ-19) ਨੂੰ ਲੈ ਕੇ ਬਣਿਆ ਹੋਇਆ ਭੈਅ ਹੋਰ ਵਧ ਗਿਆ। ਭਾਵੇਂ ਕਿ ਪੀਜੀਆਈ ਚੰਡੀਗੜ੍ਹ ਨੇ ਇਨ੍ਹਾਂ ਅੰਕੜਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਪਰ ਫਿਰ ਵੀ ਕੈਪਟਨ ਦੇ ਅੰਕੜਿਆਂ ਬਾਰੇ ਹਰ ਪਾਸੇ ਚਰਚਾ ਜਾਰੀ ਹੈ।
ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 12 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਜੋ ਅੰਕੜੇ ਪੇਸ਼ ਕੀਤੇ ਸਨ ਉਸ ਕਾਰਨ ਪੰਜਾਬ ਸਰਕਾਰ ਦੀ ਕਿਰਕਰੀ ਹੋ ਗਈ ਸੀ। ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਦਿਵਾਉਣ ਦਾ ਸਰਕਾਰ ਦਾ ਬਿਲਕੁੱਲ ਵੀ ਹੱਥ ਨਹੀਂ ਹੁੰਦਾ ਪਰ ਪ੍ਰਾਈਵੇਟ ਖੇਤਰ ਦੀ ਹਰ ਛੋਟੀ ਮੋਟੀ ਨੌਕਰੀ ‘ਤੇ ਕੈਪਟਨ ਸਰਕਾਰ ਨੇ ਆਪਣਾ ਹੱਕ ਜਤਾ ਲਿਆ ਸੀ। ਜਦ ਕਿ ਸਭ ਨੂੰ ਇਹ ਪਤਾ ਸੀ ਕਿ 45 ਹਜ਼ਾਰ ਰੁਪਇਆ ਲੈਣ ਵਾਲੇ ਅਧਿਆਪਕਾਂ ਨੂੰ 15 ਹਜ਼ਾਰ ਦੀ ਨੌਕਰੀ ‘ਤੇ ਖੜ੍ਹਾ ਕਰ ਦਿੱਤਾ ਸੀ। ਠੇਕਾ ਆਧਾਰਤ ਕਰਮਚਾਰੀਆਂ ਨੂੰ ਪੱਕਾ ਕਰਨ ਤੋਂ ਸਰਕਾਰ ਨੇ ਹੱਥ ਖਿੱਚਿਆ ਹੋਇਆ ਹੈ ਜਦ ਕੋਈ 15 ਸਾਲ ਤੋਂ ਉਨ੍ਹਾਂ ਨੂੰ ਪੱਕੇ ਹੋਣ ਦੀ ਉਡੀਕ ਹੈ।ਇੰਨਾ ਹੀ ਨਹੀਂ ਨੌਕਰੀਆਂ ਮੰਗਦੇ ਅਧਿਆਪਕਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਸੀ। ਮੌਜੂਦਾ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਕੇਵਲ 50 ਹਜ਼ਾਰ ਦੇ ਕਰੀਬ ਹੀ ਨੌਕਰੀਆਂ ਦਿੱਤੀਆਂ ਹਨ ਜਦਕਿ ਅੰਕੜਾ ਡੇਢ ਲੱਖ ਦਾ ਪੇਸ਼ ਕੀਤਾ ਜਾ ਰਿਹਾ ਸੀ। ਬੇਰੁਜ਼ਗਾਰੀ ਬਾਰੇ ਪੇਸ਼ ਕੀਤੇ ਗਲ਼ਤ ਅੰਕੜਿਆਂ ਨੂੰ ਸਹੀ ਸਾਬਤ ਕਰਨ ਲਈ ਸਰਕਾਰ ਨੂੰ ਵਾਰ ਵਾਰ ਪ੍ਰੈੱਸ ਨੋਟ ਜਾਰੀ ਕਰਨੇ ਪਏ ਸਨ।
ਹੁਣ ਕੋਰੋਨਾ ਬਾਰੇ ਬਿਨਾਂ ਕਿਸੇ ਸਾਰਥਕ ਸਟੱਡੀ ਦੇ ਅੰਕੜੇ ਪੇਸ਼ ਕਰਨ ਨਾਲ ਕੈਪਟਨ ਸਰਕਾਰ ‘ਤੇ ਫਿਰ ਸਵਾਲੀਆ ਚਿੰਨ੍ਹ ਖੜ੍ਹੇ ਹੋ ਗਏ ਹਨ। ਲੋਕਾਂ ਵਿਚ ਚਰਚਾ ਇਹ ਹੈ ਕਿ ਸਰਕਾਰਾਂ ਦਾ ਕੰਮ ਲੋਕਾਂ ਦਾ ਭੈਅ ਅਤੇ ਡਰ ਦੂਰ ਕਰਨਾ ਹੁੰਦਾ ਹੈ ਨਾ ਕਿ ਗਲ਼ਤ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਹੋਰ ਵੀ ਡਰਾਉਣਾ। ਜਦੋਂ ਕੁੱਲ ਦੁਨੀਆਂ ਵਿੱਚ ਕਰੋਨਾ ਦਾ ਕਹਿਰ ਚੱਲ ਰਿਹਾ ਹੈ ਤਾਂ ਕਿਸੇ ਵੀ ਅਨੁਮਾਨ ਨੂੰ ਅੰਕੜੇ ਕਹਿ ਕੇ ਪੇਸ਼ ਕਰਨਾ ਬੁਨਿਆਦੀ ਤੌਰ ‘ਤੇ ਹੀ ਗਲਤ ਹੈ।
ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੋਨਾ ਬਚਾਓ ਦੇ ਪ੍ਰਬੰਧਾਂ ‘ਚ ਰਹਿ ਗਈਆਂ ਖਾਮੀਆਂ ਬਾਰੇ ਅੰਕੜੇ ਪੇਸ਼ ਕਰਦੇ। ਕਿਉਂਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਹੋਰ ਸਟਾਫ ਨੂੰ ਨਾ ਪੀ. ਪੀ. ਈ. ਕਿਟਾਂ, ਨਾ ਦਸਤਾਨੇ ਅਤੇ ਤਾਂ ਹੀ ਪੂਰੇ ਮਾਸਕ ਹੁਣ ਤੱਕ ਮਿਲੇ ਹਨ। ਜਿਸ ਕਾਰਨ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਵੀ ਕਮੀ ਰਹਿ ਰਹੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਨਾਨਕ ਹਸਪਤਾਲ ਦੀ ਸਚਾਈ ਤਾਂ ਸਭ ਦੇ ਸਾਹਮਣੇ ਹੀ ਹੈ। ਸਿਹਤ ਵਿਭਾਗ ਦੀਆਂ ਨਾਕਾਮੀਆਂ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਘਾਟ ਨੂੰ ਛੁਪਾਉਣ ਲਈ ਕੈਪਟਨ ਨੇ ਕਰੋਨਾ ਸਬੰਧੀ ਖੌਫ਼ ਵਾਲੇ ਗਲਤ ਅੰਕੜੇ ਪੇਸ਼ ਕਰ ਦਿੱਤੇ ਜਿਸ ਕਾਰਨ ਖੁਦ ਹੀ ਕੈਪਟਨ ਸਰਕਾਰ ਨੂੰ ਉਲਝਾ ਦਿੱਤਾ ਹੈ। ਜਿਸ ਕਾਰਨ ਭਵਿੱਖ ਵਿੱਚ ਤੱਥਾਂ ਦੀ ਕਸੌਟੀ ‘ਤੇ ਖਰੇ ਨਾ ਉੱਤਰਨ ਵਾਲੇ ਅਜਿਹੇ ਗ਼ਲਤ ਅੰਕੜੇ ਪੇਸ਼ ਤੋਂ ਸਰਕਾਰ ਨੂੰ ਪ੍ਰਹੇਜ ਕਰਨਾ ਚਾਹੀਦਾ ਹੈ।