ਤਹਿਰਾਨ: ਪੂਰੀ ਦੁਨੀਆਂ ਦੇ ਨਾਲ ਨਾਲ ਇਰਾਨ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਇੱਥੇ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਭਗ 4000 ਪਹੁੰਚ ਗਈ ਹੈ ਲਗਭਗ 65,000 ਸੰਕਰਮਿਤ ਹੋ ਚੁੱਕੇ ਹਨ। ਉੱਥੇ ਹੀ ਇਸਦੇ ਪ੍ਰਕੋਪ ਤੋਂ ਬਚਣ ਲਈ ਲੋਕ ਹੁਣ ਕੁਝ ਵੀ ਕਰਨ ਨੂੰ ਤਿਆਰ ਹਨ। ਪਰ ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਫਵਾਹਾਂ ਦਾ ਦੌਰ ਵੀ ਚੱਲ ਰਿਹਾ ਹੈ ਹਰ ਦੂਜਾ ਵਿਅਕਤੀ ਨੁਸਖਿਆਂ ਦੀ ਵੀਡੀਉ ਬਣਾ ਕੇ ਸ਼ੇਅਰ ਕਰ ਰਿਹਾ ਹੈ। ਅਜਿਹਾ ਹੀ ਇੱਕ ਹੋਰ ਨੁਸਖਾ ਇਰਾਨ ਵਿੱਚ ਜਾਨਲੇਵਾ ਸਾਬਤ ਹੋਇਆ ਜਿਸ ਨੇ ਲਗਭਗ 600 ਲੋਕਾਂ ਦੀ ਜਾਨ ਲੈ ਲਈ।
ਇੱਥੇ ਨੀਟ ਐਲਕੋਹਲ ਪੀਣ ਨਾਲ 600 ਲੋਕਾਂ ਦੀ ਮੌਤ ਹੋ ਗਈ, ਜਦ ਕਿ 3000 ਤੋਂ ਜ਼ਿਆਦਾ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿੰਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਬੀਤੇ ਮੰਗਲਵਾਰ ਨੂੰ ਇਰਾਨ ਵਿੱਚ ਕੁੱਝ ਲੋਕਾਂ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਨੀਟ ਐਲਕੋਹਲ ਪੀ ਲਈ, ਜਿਸ ਨੂੰ ਪੀ ਕੇ ਵੱਡੀ ਗਿਣਤੀ ਵਿੱਚ ਲੋਕ ਬੀਮਾਰ ਹੋ ਗਏ। ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਲੋਕਾਂ ਉੱਤੇ ਅਪਰਾਥਿਕ ਗਤੀਵਿਧੀਆਂ ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ।
ਦੱਸ ਦਈਏ ਇਸ ਤੋਂ ਪਹਿਲਾ ਇਰਾਨ ਵਿਚ ਹੀ ਲੋਕਾਂ ਨੇ ਕੋਰੋਨਾ ਤੋਂ ਬਚਣ ਲਈ Methanol ਪੀ ਲਿਆ ਸੀ ਜਿਸ ਕਾਰਨ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਉੱਥੇ ਹੀ ਜੇ ਕੋਰੋਨਾ ਵਾਇਰਸ ਦੀ ਗੱਲ ਕਰੀਏ ਤਾਂ ਈਰਾਨ ਵਿੱਚ 65 ਹਜ਼ਾਰ ਤੋਂ ਵਧੇਰੇ ਮਾਮਲੇ ਹਨ। ਇੱਥੋਂ ਤੱਕ ਕਿ ਈਰਾਨ ਸੰਸਦ ਦੇ ਘੱਟੋ-ਘੱਟ 31 ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਦੇ ਲੱਛਣ ਹਨ।