ਭਾਜਪਾ ਅਤੇ ਕਾਂਗਰਸ ਦੋਵੇਂ ਦੰਗੇ ਕਰਵਾਉਣ ‘ਚ ਮਾਹਿਰ-ਭਗਵੰਤ ਮਾਨ

TeamGlobalPunjab
3 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ ‘ਤੇ ਦੰਗੇ ਕਰਾਉਣ ਦੀ ਮਾਹਿਰ ਪਾਰਟੀਆਂ ਹੋਣ ਦਾ ਦੋਸ਼ ਲਗਾਇਆ ਹੈ।

ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੇ ਆਗੂ ਇੱਕ ਦੂਜੇ ਦੇ ਸ਼ਾਸਨ ‘ਚ ਹੋਏ ਦੰਗੇ ਗਿਣਾ ਰਹੇ ਹਨ। ਇਸ ਦੂਸ਼ਣਬਾਜ਼ੀ ਰਾਹੀਂ ਦੋਵੇਂ ਸਿਆਸੀ ਦਲ ਇੱਕ ਦੂਜੇ ਬਾਰੇ ਬੋਲ ਤਾਂ ਸੱਚ ਰਹੇ ਹਨ, ਪਰੰਤੂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ, ਕਿਉਂਕਿ ਦੇਸ਼ ਦੀ ਜਨਤਾ ਜਾਂ ਤਾਂ ਦੰਗਿਆਂ ਦਾ ਸੰਤਾਪ ਖ਼ੁਦ ਹੰਢਾ ਚੁੱਕੀ ਹੈ ਅਤੇ ਜਾਂ ਫਿਰ ਫ਼ਿਰਕੂ ਹਿੰਸਾ ਦਾ ਤਾਂਡਵ ਅੱਖੀਂ ਦੇਖ ਕੇ ਦਰਦ ਨੂੰ ਨੇੜਿਓ ਮਹਿਸੂਸ ਕਰ ਚੁੱਕੀ ਹੈ। ਇਸ ਲਈ ਲੋਕਾਂ ਤੋਂ ਕੁੱਝ ਵੀ ਲੁਕਿਆ ਨਹੀਂ ਹੈ।

ਭਗਵੰਤ ਮਾਨ ਨੇ ਕਿਹਾ ਕਿ ਫ਼ਿਰਕੂ ਦੰਗਿਆਂ ਦੀ ਕੌੜੀ ਹਕੀਕਤ ਇਹ ਹੁੰਦੀ ਹੈ ਕਿ ਦੰਗੇ ਚਾਹੇ ਕਾਂਗਰਸ ਵੱਲੋਂ ਕਰਵਾਏ ਗਏ ਹੋਣ ਜਾਂ ਭਾਜਪਾ ਵੱਲੋਂ ‘ਸਪਾਂਸਰਡ’ ਹੋਣ, ਪਰ ਮਰਦਾ ਤਾਂ ਇਨਸਾਨ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੇ ਨੇਤਾ ਦਿੱਲੀ ਵਿਚ ਭੜਕਾਊ ਬਿਆਨ ਦੇ ਰਹੇ ਸਨ ਤਾਂ ਦਿੱਲੀ-ਪੁਲਿਸ ਕਿੱਥੇ ਸੁੱਤੀ ਪਈ ਸੀ? ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ‘ਤੇ ਝੂਠੇ ਪਰਚੇ ਕਰਨੇ ਹੋਣ ਤਾਂ ਦਿੱਲੀ ਪੁਲਿਸ ਝੱਟ ਪਹੁੰਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਹੋਏ 1984 ਦੇ ਦੰਗਿਆਂ ਵਾਂਗ ਹੁਣ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਪੁਲਸ ਮੂਕ ਦਰਸ਼ਕ ਬਣੀ ਰਹੀ। ਜੇਕਰ ਪੁਲਸ ਮੁਸਤੈਦ ਹੁੰਦੀ ਤਾਂ ਹਿੰਦੂ-ਮੁਸਲਮਾਨ ਵੀਰਾਂ ਦੀਆਂ ਜਾਨਾਂ ਅਤੇ ਘਰ-ਦੁਕਾਨਾਂ ਬਚਾਈਆਂ ਜਾ ਸਕਦੀਆਂ ਸਨ।
ਮਾਨ ਨੇ ਕਿਹਾ ਕਿ ਦਿੱਲੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸਿਹਤ, ਸਿੱਖਿਆ ਅਤੇ ਪਾਣੀ ਵਰਗੇ ਲੋਕ ਮੁੱਦਿਆਂ ‘ਤੇ ਪ੍ਰਚਾਰ ਕਰ ਰਹੇ ਸੀ, ਜਦੋਂਕਿ ਭਾਜਪਾ ਨੇ ਨਫ਼ਰਤ ਦੀ ਹਨੇਰੀ ਲਿਆਂਦੀ ਹੋਈ ਸੀ। ਭਾਜਪਾ ਨੇਤਾਵਾਂ ਨੇ ਦਿੱਲੀ ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਦਾ ਨਾਂਅ ਦੇ ਕੇ ਨੀਵੇਂ ਦਰਜੇ ਦੀ ਸਿਆਸਤ ਕੀਤੀ। ਖ਼ੁਦ ਗ੍ਰਹਿ-ਮੰਤਰੀ ਅਮਿਤ ਸ਼ਾਹ ਵੀ ਭੜਕਾਊ ਭਾਸ਼ਣ ਦਿੰਦੇ ਰਹੇ। ਮਾਨ ਨੇ ਕਿਹਾ ਕਿ ਯੂਪੀ ਦੇ ਮੁੱਖ-ਮੰਤਰੀ ਯੋਗੀ ਅਦਿੱਤਾਨਾਥ ਆਪਣੇ ਅੱਗ ਉਗਲ ਦੇ ਭਾਸ਼ਣ ‘ਚ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਕਹਿੰਦੇ ਰਹੇ, ਪਰ ਦਿੱਲੀ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਪੱਖੀ ਅਤੇ ਲੋਕਪੱਖੀ ਨੇਤਾ ਵਜੋਂ ਮਾਨਤਾ ਦਿੱਤੀ ਗਈ, ਜੋ ਦੇਸ਼ ਦੀ ਸਿਆਸਤ ਨੂੰ ਲੋਕ-ਪੱਖੀ ਬਦਲ ਦੇਣ ਆਏ ਹਨ, ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਮੁੜ ਫ਼ਤਵਾ ਦਿੱਤਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੰਗਿਆਂ ਦਾ ਮੁੱਦਾ ਪਾਰਲੀਮੈਂਟ ਵਿਚ ਉਠਾਇਆ ਤਾਂ ਇਸਦਾ ਜਵਾਬ ਨਾ ਤਾਂ ਭਾਜਪਾ ਅਤੇ ਨਾ ਕਾਂਗਰਸ ਕੋਲ ਸੀ।

Share This Article
Leave a Comment