ਇਸਲਾਮਾਬਾਦ : ਇਸ ਸਮੇਂ ਦੀ ਵੱਡੀ ਖਬਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਆ ਰਹੀ ਹੈ। ਤਾਜਾ ਜਾਣਕਾਰੀ ਅਨੁਸਾਰ ਪਾਕਿਸਤਾਨ ਹਵਾਈ ਫੌਜ ਦਾ ਐਫ-16 (F-16) ਲੜਾਕੂ ਜਹਾਜ਼ ਰਾਜਧਾਨੀ ਇਸਲਾਮਾਬਾਦ ਦੇ ਸ਼ਕਰਪਾਰੀਅਨ ‘ਚ ਹਾਦਸਾਗ੍ਰਸਤ ਹੋ ਗਿਆ। ਜਿਸ ਦੌਰਾਨ ਵਿੰਗ ਕਮਾਂਡਰ ਨੋਮਨ ਅਕਰਮ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਏਅਰਫੋਰਸ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।
ਪਾਕਿਸਤਾਨ ਏਅਰ ਫੋਰਸ ਦੇ ਇੱਕ ਬੁਲਾਰੇ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਪਾਕਿਸਤਾਨੀ ਏਅਰਫੋਰਸ ਦਾ ਐੱਫ-16 ਲੜਾਕੂ ਜਹਾਜ਼ 23 ਮਾਰਚ ਨੂੰ ਗਣਤੰਤਰ ਦਿਵਸ ਮੌਕੇ ਹੋਣ ਜਾ ਰਹੀ ਪਰੇਡ ਲਈ ਅਭਿਆਸ ਕਰ ਰਿਹਾ ਸੀ। ਜਿਸ ਦੌਰਾਨ ਐੱਫ-16 ਜਹਾਜ਼ ਹਾਦਸਾਗ੍ਰਸਤ ਹੋ ਗਿਆ।
ਪੁਲਿਸ ਅਤੇ ਸੁਰੱਖਿਆ ਬਲਾਂ ਨੇ ਰਾਜਧਾਨੀ ਇਸਲਾਮਾਬਾਦ ਦੇ ਸ਼ਕਰਪਾਰੀਅਨ ਖੇਤਰ ਨੂੰ ਘੇਰ ਲਿਆ ਹੈ। ਪਾਕਿਸਤਾਨ ਏਅਰਫੋਰਸ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।
23 ਮਾਰਚ 1940 ਦੇ ਲਾਹੌਰ ਮਤਾ ਪਾਸ ਹੋਣ ਅਤੇ ਪਾਕਿਸਤਾਨ ਦੇ ਪਹਿਲੇ ਸੰਵਿਧਾਨ ਦੀ ਮਨਜ਼ੂਰੀ ਤੋਂ ਬਾਅਦ 23 ਮਾਰਚ ਵਾਲੇ ਦਿਨ ਪਾਕਿਸਤਾਨੀ ਦਿਵਸ ਜਾਂ ਪਾਕਿਸਤਾਨ ਰੈਜ਼ੋਲੂਸ਼ਨ ਦਿਵਸ ਨੂੰ ਗਣਤੰਤਰ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ।