ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2020 ਦੇ ਪਹਿਲੇ ਲੀਗ ਮੈਚ ‘ਚ ਆਸਟਰੇਲੀਆ ਟੀਮ ਨੂੰ 17 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ੁਰੂਆਤ ਆਪਣੀ ਪਹਿਲੀ ਜਿੱਤ ਨਾਲ ਕੀਤੀ ਹੈ। ਸਿਡਨੀ ‘ਚ ਖੇਡੇ ਗਏ ਪਹਿਲੇ ਲੀਗ ਮੈਚ ‘ਚ ਕੰਗਾਰੂ ਟੀਮ ਦੇ ਕਪਤਾਨ ਮੇਗ ਲੈਨਿੰਗ ਨੇ ਭਾਰਤ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕੀਤੀ।
ਭਾਰਤੀ ਮਹਿਲਾ ਟੀਮ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ ਆਸਟ੍ਰੇਲੀਆਂ ਟੀਮ ਅੱਗੇ 132 ਦੌੜਾਂ ਦਾ ਟੀਚਾ ਰੱਖਿਆ। ਹਾਲਾਂਕਿ ਆਸਟਰੇਲੀਆ ਲਈ ਇਸ ਟੀਚੇ ਨੂੰ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਸੀ। ਪਰ ਭਾਰਤੀ ਗੇਂਦਬਾਜ਼ਾਂ ਖਾਸ ਕਰਕੇ ਪੂਨਮ ਯਾਦਵ ਨੇ ਆਪਣੀ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਦੀ ਟੀਮ ਨੂੰ ਚਾਰੋਂ ਖਾਨੇ ਚਿੱਤ ਕਰ ਦਿੱਤਾ। ਆਸਟਰੇਲੀਆ ਦੀ ਟੀਮ 19.5 ਓਵਰਾਂ ‘ਚ ਕੁਲ 115 ਦੌੜਾਂ ‘ਤੇ ਹੀ ਸੀਮਟ ਗਈ।
ਪੂਨਮ ਯਾਦਵ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਉਨ੍ਹਾਂ ਨੇ 4 ਓਵਰਾਂ ਵਿੱਚ 19 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਭਾਰਤ ਲਈ ਦੀਪਤੀ ਸ਼ਰਮਾ ਨੇ 49 ਦੌੜਾਂ, ਸ਼ਾਫਾਲੀ ਨੇ 29 ਅਤੇ ਜੈਮੀਮਾ ਨੇ 26 ਦੌੜਾਂ ਬਣਾਈਆਂ। ਆਸਟਰੇਲੀਆ ਦੀ ਅੇਲੀਸਾ ਹੇਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 35 ਗੇਂਦਾਂ ਵਿਚ 51 ਦੌੜਾਂ ਬਣਾਈਆਂ। ਹੈਲੀ ਨੂੰ ਪੂਨਮ ਨੇ ਆਪਣੀ ਹੀ ਗੇਂਦ ‘ਤੇ ਆਓਟ ਕੀਤਾ।
ਭਾਰਤ ਲਈ ਪੂਨਮ ਪਾਂਡੇ ਨੇ ਚਾਰ, ਸ਼ਿਖਾ ਪਾਂਡੇ ਨੇ ਤਿੰਨ, ਜਦੋਂਕਿ ਰਾਜੇਸ਼ਵਰੀ ਗਾਇਕਵਾੜ ਨੇ ਇੱਕ ਵਿਕਟ ਲਿਆ। ਆਸਟਰੇਲੀਆ ਲਈ ਜੇਸ ਜੋਨਾਸਨ ਨੇ ਦੋ ਵਿਕਟਾਂ, ਐਲੀਸ ਪੈਰੀ ਤੇ ਡੇਲੀਆ ਨੇ ਇਕ-ਇਕ ਵਿਕਟ ਲਿਆ।