ਨਿਊਯਾਰਕ: ਭਾਰਤੀ ਮੂਲ ਦੇ ਟੈਕਸੀ ਡਰਾਈਵਰ ਰਾਜਬੀਰ ਸਿੰਘ ਨੇ ਕੈਲੀਫੋਰਨੀਆ ਵਿੱਚ ਇੱਕ ਬਜ਼ੁਰਗ ਅਮਰੀਕੀ ਮਹਿਲਾ ਨੂੰ ਪੱਚੀ ਹਜ਼ਾਰ ਡਾਲਰ ਦੀ ਠੱਗੀ ਤੋਂ ਬਚਾ ਲਿਆ। ਜਿਸ ਤੋਂ ਖੁਸ਼ ਹੋ ਕੇ ਪੁਲਿਸ ਨੇ ਕਿਹਾ ਕਿ ਰਾਜ ਗ੍ਰੇਟ ਸਿਟੀਜ਼ਨ ਐਵਾਰਡ ਦੇ ਹੱਕਦਾਰ ਹਨ।
ਸੀਐਨਐਨ ਦੀ ਰਿਪੋਰਟ ਦੇ ਮੁਤਾਬਿਕ ਰੋਜ਼ਵਿਲੇ ਕੈਬ ਦੇ ਮਾਲਿਕ ਰਾਜਬੀਰ ਸਿੰਘ ਦੀ ਟੈਕਸੀ ਵਿੱਚ ਦੋ ਹਫ਼ਤੇ ਪਹਿਲਾਂ ਇੱਕ 92 ਸਾਲਾ ਦੀ ਬਜ਼ੁਰਗ ਮਹਿਲਾ ਬੈਠੀ ਤੇ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਵੱਡੀ ਰਾਸ਼ੀ ਕੱਢਣ ਬੈਂਕ ਜਾ ਰਹੀ ਹਨ ਤਾਂ ਕਿ ਇੰਟਰਨਲ ਰੈਵੇਨਿਊ ਸਰਵਿਸ ਦਾ ਕਰਜ਼ ਅਦਾ ਕਰ ਸਕਣ।
ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਗੱਲ ਕੁਝ ਅਟਪਟੀ ਜਿਹੀ ਲੱਗੀ ਉਨ੍ਹਾਂ ਨੇ ਮਹਿਲਾ ਨੂੰ ਅਗਾਹ ਕੀਤਾ ਕਿ ਇਹ ਠੱਗੀ ਦੀ ਕੋਸ਼ਿਸ਼ ਹੋ ਸਕਦੀ ਹੈ। ਪਰ ਉਹ ਮਹਿਲਾ ਨਹੀ ਮੰਨੀ। ਇਸ ਤੋਂ ਬਾਅਦ ਰਾਜਬੀਰ ਨੇ ਰੋਜ਼ਵਿਲੇ ਥਾਣੇ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਰਾਜਬੀਰ ਦੇ ਕਹਿਣ ਤੇ ਜਦੋਂ ਪੁਲੀਸ ਅਧਿਕਾਰੀ ਨੇ ਮਹਿਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਇਹ ਸਮਝ ਲੱਗੀ ।
ਰਾਜਬੀਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਹਿਲਾ ਵੱਲੋਂ ਉਪਲਬਧ ਕਰਵਾਏ ਗਏ ਨੰਬਰ ਤੇ ਗੱਲ ਕੀਤੀ ਸੀ ਤਾਂ ਫੋਨ ਚੁੱਕਣ ਵਾਲੇ ਨੇ ਮਹਿਲਾ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ ਸੀ ਫਿਰ ਕੋਸ਼ਿਸ ਕਰਨ ‘ਤੇ ਉਸ ਨੂੰ ਬਲੋਕ ਕਰ ਦਿੱਤਾ ਗਿਆ ਇਸ ਤੇ ਉਨ੍ਹਾਂ ਨੂੰ ਸ਼ੱਕ ਹੋਇਆ ਸੀ। ਪੁਲਿਸ ਨੇ ਰਾਜ ਦੇ ਇਸ ਕੰਮ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਪੰਜਾਹ ਡਾਲਰ ਦਾ ਗਿਫਟ ਕਾਰਡ ਵੀ ਭੇਟ ਕੀਤਾ।