ਕੋਲਕਾਤਾ: ਦੋਹਾ ਤੋਂ ਬੈਂਕਾਕ ਜਾ ਰਹੇ ਇੱਕ ਜਹਾਜ਼ ਦੀ ਮੰਗਲਵਾਰ ਸਵੇਰੇ ਕੋਲਕਾਤਾ ਦੇ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਤਰ ਏਅਰਵੇਜ ਦੇ ਇਸ ਜਹਾਜ਼ ਵਿੱਚ ਸਵਾਰ ਮਹਿਲਾ ਯਾਤਰੀ ਨੂੰ ਜਹਾਜ਼ ਵਿੱਚ ਹੀ ਲੇਬਰ ਪੇਨ ਸ਼ੁਰੂ ਹੋ ਗਈ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਇਸ ਯਾਤਰੀ ਨੇ ਜਹਾਜ਼ ਵਿੱਚ ਹੀ ਇੱਕ ਬੱਚੇ ਨੂੰ ਜਨਮ ਦਿੱਤਾ। ਮਹਿਲਾ ਦੀ ਡਿਲਿਵਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਇਲਟਾਂ ਨੇ ਤੱਤਕਾਲ ਏਟੀਸੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਜਹਾਜ਼ ਦੀ ਕੋਲਕਾਤਾ ਵਿੱਚ ਲੈਂਡਿੰਗ ਕਰਵਾਈ ਗਈ।
ਅਧਿਕਾਰੀਆਂ ਮੁਤਾਬਕ ਥਾਇਲੈਂਡ ਦੀ ਰਹਿਣ ਵਾਲੀ 23 ਸਾਲਾ ਗਰਭਵਤੀ ਮਹਿਲਾ ਕਤਰ ਏਅਰਲਾਈਨ ਦੇ ਜਹਾਜ਼ QR – 830 ਵਿੱਚ ਸਵਾਰ ਸੀ। ਜਦੋਂ ਜਹਾਜ਼ ਵਿੱਚ ਮਹਿਲਾ ਨੂੰ ਲੇਬਰ ਪੇਨ ਸ਼ੁਰੂ ਹੋਈ ਤਾਂ ਜਹਾਜ਼ ਸਵਾਰ ਯਾਤਰੀਆਂ ਤੇ ਕੈਬਿਨ ਕਰਿਊ ਦੀ ਸਹਾਇਤਾ ਨਾਲ ਹੀ ਫਲਾਇਟ ਵਿੱਚ ਮਹਿਲਾ ਦੀ ਨਾਰਮਲ ਡਿਲਿਵਰੀ ਕਰਾਈ ਗਈ।
ਜਿਸ ਤੋਂ ਬਾਅਦ ਪਾਇਲਟਸ ਨੇ ਏਟੀਸੀ ਨੂੰ ਬੱਚੇ ਦੇ ਜਨਮ ਦੀ ਜਾਣਕਾਰੀ ਦਿੱਤੀ। ਏਟੀਸੀ ਦੀ ਆਗਿਆ ਤੋਂ ਬਾਅਦ ਮੰਗਲਵਾਰ ਸਵੇਰੇ ਲਗਭਗ ਸਵਾ 3 ਵਜੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ‘ਤੇ ਜਹਾਜ਼ ਦੀ ਲੈਂਡਿੰਗ ਕਰਾਈ ਗਈ। ਇਸ ਤੋਂ ਬਾਅਦ ਐਂਬੁਲੈਂਸ ‘ਚ ਮਾਂ ਤੇ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਦੇ ਮੁਤਾਬਕ ਮਾਂ ਅਤੇ ਬੱਚੇ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਹਸਪਤਾਲ ‘ਚ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।