ਡਾ. ਦੀਵਾਨ ਸਿੰਘ ਕਾਲੇਪਾਣੀ: ਕਾਲੇਪਾਣੀ ਦੇ ਸ਼ਹੀਦਾਂ ਦੇ ਸਿਰਤਾਜ

TeamGlobalPunjab
3 Min Read

-ਅਵਤਾਰ ਸਿੰਘ

ਡਾ.ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 1897 ਨੂੰ ਇਕ ਸਾਧਾਰਨ ਪਰਿਵਾਰ ਦੇ ਜ਼ਿਮੀਦਾਰ ਸੁੰਦਰ ਸਿੰਘ ਦੇ ਘਰ ਪਿੰਡ ਗਲੋਟੀਆ, ਜ਼ਿਲਾ ਗੁਜਰਾਂਵਾਲਾ ਵਿਖੇ ਹੋਇਆ। ਛੋਟੀ ਉਮਰ ਵਿੱਚ ਹੀ ਮਾਪਿਆਂ ਦਾ ਸਾਇਆ ਉੱਠਣ ਕਾਰਨ ਉਹਨਾਂ ਦੇ ਚਾਚੇ ਸੋਹਣ ਸਿੰਘ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਉਹ ਬਹੁਤ ਮਿੱਠੇ ਤੇ ਮਿਲਾਪੜੇ ਸੁਭਾਅ ਦੇ ਨੇਕ ਦਿਲ ਇਨਸਾਨ, ਪਰਉਪਕਾਰੀ ਡਾਕਟਰ, ਭਾਰਤ ਦੀ ਆਜ਼ਾਦੀ ਦੇ ਸ਼ੰਘਰਸ ਦੇ ਅਣਖੀ ਤੇ ਨਿਡਰ ਯੋਧੇ, ਕਾਲੇਪਾਣੀ ਦੇ ਸ਼ਹੀਦਾਂ ਦੇ ਸਿਰਤਾਜ ਤੇ ਪੰਜਾਬੀ ਦੇ ਸ਼੍ਰੋਮਣੀ ਸਾਹਿਤਕਾਰ ਸਨ।

ਮੁੱਢਲੀ ਪੜ੍ਹਾਈ ਤੇ ਡਾਕਟਰੀ ਕਰਨ ਤੋਂ ਬਾਅਦ ਫੌਜ ਵਿੱਚ ਡਾਕਟਰ ਭਰਤੀ ਹੋ ਗਏ। ਉਹ ਰਾਵਲਪਿੰਡੀ, ਲਾਹੌਰ, ਡਿਗਸਈ, ਰੰਗੂਨ ਤੇ ਪੋਰਟ ਬਲੇਅਰ ਸਮੇਤ ਜਿਥੇ ਵੀ ਰਹੇ ਡਿਊਟੀ ਤੋਂ ਬਿਨਾਂ ਲੋੜਵੰਦ ਰੋਗੀਆਂ ਦੀ ਮਦਦ ਕਰਨ ਕਰਕੇ ਹਰਮਨਪਿਆਰੇ ਰਹੇ। ਉਹ ਕਥਾ, ਕੀਰਤਨ ਤੇ ਭਾਸ਼ਨਾਂ ਰਾਹੀਂ ਲੋਕਾਂ ਨੂੰ ਗੁਲਾਮੀ ਤੋਂ ਨਫ਼ਰਤ, ਅਜ਼ਾਦੀ ਨਾਲ ਮੋਹ ਤੇ ਆਪਣੇ ਸਭਿਆਚਾਰ ਦੀ ਚੇਤਨਾ ਦੀ ਜਾਗ ਲਾਉਂਦੇ ਰਹੇ। ਉਨਾਂ ਆਪਣੀ ਕਵਿਤਾ ਤੇ ਵਾਰਤਕ ਰਾਹੀਂ ਰੰਗ, ਨਸਲ, ਜਾਤਪਾਤ ਤੇ ਛੂਆਛਾਤ ਦੇ ਵਿਤਕਰਿਆਂ ਦੀ ਨਿਖੇਧੀ ਕਰਕੇ ਧਰਮ ਨਿਰਪੱਖ ਇਨਸਾਨੀਅਤ ‘ਤੇ ਜ਼ੋਰ ਦਿੱਤਾ। ਉਨਾਂ ਦੀ ਪਲੇਠੀ ਪੁਸਤਕ ‘ਵਗਦੇ ਪਾਣੀ’ ਉਹਨਾਂ ਦੇ ਜੀਵਨ ਕਾਲ ਵਿੱਚ ਛਪੀ। ਉਹਨਾਂ ਦੇ ਇਸ ਸੰਸਾਰ ਤੋਂ ਜਾਣ ਬਾਅਦ ਉਹਨਾਂ ਦੀਆਂ ਪੁਸਤਕਾਂ ‘ਅੰਤਿਮ ਲਹਿਰਾਂ’, ‘ਮਲ੍ਹਿਆਂ ਦੇ ਬੇਰ’ (ਦੋਵੇਂ ਕਾਵਿ ਸੰਗ੍ਰਿਹ), ਸਹਿਜ ਸੰਚਾਰ (ਵਾਰਤਕ ਪੁਸਤਕ) ਤੇ ‘ਮੇਰਾ ਜੀਵਨ ਮੇਰਾ ਗੀਤ’ ਪੁਸਤਕ ਛਪੀ।

ਉਹਨਾਂ ਦੀ ਵਿਚਾਰਧਾਰਾ ਤੋਂ ਅੰਗਰੇਜ਼ ਸਰਕਾਰ ਨੇ ਔਖੇ ਹੋ ਕੇ ਰੰਗੂਨ ਬਦਲੀ ਕਰ ਦਿੱਤੀ। 1927 ਤੋਂ ਬਾਅਦ ਉਹ ਅੰਡੇਮਾਨ ਟਾਪੂ ‘ਤੇ ਚਲੇ ਗਏ। ਜਿਥੇ ਉਹਨਾਂ ਕਾਲੇਪਾਣੀ ਦੀ ਸ਼ਜਾ ਕਟ ਰਹੇ ਗਦਰੀਆਂ ਦੇ ਜੀਵਨ ਪੱਧਰ ਨੂੰ ਨੇੜਿਓਂ ਤੱਕਿਆ ਤੇ ਭਾਈ ਘਨੱਈਆ ਵਾਂਗ ਮਰੀਜ਼ਾ ਦਾ ਇਲਾਜ ਕਰਨ ਲੱਗ ਪਏ।ਉਥੇ ਇਕ ਗੁਰਦੁਆਰਾ ਵਿੱਚ ਲਾਇਬਰੇਰੀ ਖੋਲ੍ਹੀ।

ਪੰਜਾਬੀ ਬੋਲੀ ਲਈ ਸਾਹਿਤ ਸਿਰਜਣਾ ਕਰਦਿਆਂ ਜੁਲਮ ਖਿਲਾਫ ਆਵਾਜ਼ ਬੁਲੰਦ ਕੀਤੀ। ਦੂਜੀ ਜੰਗ ਲੱਗਣ ‘ਤੇ ਜਪਾਨੀਆਂ ਨੇ ਟਾਪੂ ‘ਤੇ ਕਬਜਾ ਕਰ ਲਿਆ, ਉਹਨਾਂ ਨੇ ਵੀ ਭਾਰਤੀਆਂ ‘ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ।

ਡਾ. ਦੀਵਾਨ ਸਿੰਘ ਨੂੰ ਬਰਤਾਨਵੀ ਸਾਮਰਾਜੀਆਂ ਦਾ ਪਿੱਠੂ ਹੋਣ ਦਾ ਦੋਸ਼ ਲਾ ਕੇ ਕੈਦ ਕਰ ਲਿਆ। ਕਾਲ ਕੋਠੜੀ ਵਿਚ ਅਣ-ਮਨੁੱਖੀ ਤਸੀਹੇ ਦਿੱਤੇ, ਅੱਖਾਂ ਨੂੰ ਗਰਮ ਸਲਾਖਾਂ ਲਾਈਆਂ ਤੇ ਕੋੜੇ ਮਾਰੇ ਗਏ। ਬੇਹੱਦ ਤਸ਼ੱਦਦ ਕਾਰਨ ਉਹ 14 ਜਨਵਰੀ 1944 ਨੂੰ ਅੰਡੇਮਾਨ ਜੇਲ੍ਹ ਵਿਚ ਸ਼ਹੀਦੀ ਪਾ ਗਏ। ਡਾ ਸਾਹਿਬ ਦੇ ਪੁੱਤਰਾਂ ਤੇ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਤੋਂ ਮੁੱਲਾਂਪੁਰ ਸੜਕ ‘ਤੇ ਪਿੰਡ ਸੀਸਵਾਂ ਵਿਖੇ ‘ਸ਼ਹੀਦ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਮਿਊਜ਼ੀਅਮ’ ਉਸਾਰਿਆ ਗਿਆ ਹੈ।

Share This Article
Leave a Comment