ਚੰਡੀਗੜ੍ਹ : ‘ਸਾਡਾ ਨਾਅਰਾ, ਕੈਪਟਨ ਦੁਬਾਰਾ’ ਦੇ ਨਾਅਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਓਦੋਂ ਤੱਕ ਸਿਆਸਤ ਨੂੰ ਅਲਵਿਦਾ ਨਹੀਂ ਕਹਿਣਗੇ, ਜਦੋਂ ਤੱਕ ਉਹ ਨੌਜਵਾਨਾਂ ਲਈ ਰੋਜ਼ਗਾਰ ਅਤੇ ਪ੍ਰਗਤੀਸ਼ੀਲ ਪੰਜਾਬ ਵਿੱਚ ਸਾਰਿਆਂ ਦੀ ਤਰੱਕੀ ਲਈ ਢੁਕਵੇਂ ਮੌਕੇ ਪੈਦਾ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾ ਲੈਂਦੇ।
ਅੱਜ ਇੱਥੇ ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਨਵੇਂ ਚੁਣੇ ਅਹੁਦੇਦਾਰਾਂ ਦੇ ਅਹੁਦਾ ਸੰਭਾਲਣ ਮੌਕੇ ਯੂਥ ਕਾਂਗਰਸੀ ਮੈਂਬਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਉਹ ਸੂਬੇ ਦੀ ਇਸ ਦੀ ਤਰੱਕੀ ਤੇ ਵਿਕਾਸ ਲਈ ਇਸ ਨੂੰ ਆਪਣੀ ਅਗਵਾਈ ਦੇਣੀ ਜਾਰੀ ਰੱਖਣਗੇ।
ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਦੌਰਾਨ ਨਾਅਰਿਆਂ ਦੀ ਗੂੰਜ ਵਿੱਚ ਮੁੱਖ ਮੰਤਰੀ ਨੇ ਤਹੱਈਆ ਕਰਦਿਆਂ ਕਿਹਾ,”ਇਹ ਮੇਰਾ ਸੂਬਾ ਹੈ ਅਤੇ ਤੁਸੀਂ ਸਾਰੇ ਮੇਰੇ ਆਪਣੇ ਲੋਕ ਹੋ। ਮੈਂ ਤੁਹਾਡੀ ਖਾਤਰ ਸਦਾ ਇੱਥੇ ਹੀ ਰਹਾਂਗਾ ਅਤੇ ਤਦ ਤੱਕ ਕਿਤੇ ਨਹੀਂ ਜਾਵਾਂਗਾ, ਜਦੋਂ ਤੱਕ ਪੰਜਾਬ ਦੇ ਹਰੇਕ ਨਾਗਰਿਕ ਦੀ ਭਲਾਈ ਨੂੰ ਯਕੀਨੀ ਨਹੀਂ ਬਣਾ ਲੈਂਦਾ।” ਬਹੁਤੇ ਨੌਜਵਾਨ ਤਾਂ ਇਹ ਮੰਗ ਕਰਦੇ ਵੀ ਸੁਣੇ ਗਏ ਕਿ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਹੋਰ ਕਈ ਵਾਰ ਸੂਬੇ ਦੀ ਵਾਗਡੋਰ ਸੰਭਾਲਦੇ ਰਹਿਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਪੂਰਾ ਸਮਰਥਨ ਦੇਵੇਗੀ। ਉਨ੍ਹਾਂ ਨੇ ਨੌਜਵਾਨ ਆਗੂਆਂ ਨਾਲ ਵਾਅਦਾ ਕੀਤਾ ਕਿ ਸੂਬੇ ਅਤੇ ਇੱਥੋਂ ਦੇ ਨੌਜਵਾਨਾਂ ਦੇ ਹਿੱਤ ਵਿੱਚ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਸਾਰੇ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਹੋਰਾਂ ਵੱਲੋਂ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਮੁਲਕ ਦੀ ਰਾਖੀ ਅਤੇ ਜਮਹੂਰੀਅਤ ਤੇ ਧਰਮ ਨਿਰਪੇਖ ਸੰਵਿਧਨਾਕ ਕਦਰਾਂ-ਕੀਮਤਾਂ ਦੀ ਸੁਰੱਖਿਆ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਸੂਬੇ ਦੀ ਮੌਜੂਦਾ ਸਥਿਤੀ ਨੂੰ ਬਹੁਤ ਹੀ ਚਿੰਤਾਜਨਕ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਧਰਮ ਨਿਰਪੇਖ ਅਤੇ ਜਮਹੂਰੀ ਸ਼ਾਸਨ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮੁਲਕ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਸੰਵਿਧਾਨ ਨੂੰ ਸਮਾਜਵਾਦੀ ਜਮਹੂਰੀ ਗਣਤੰਤਰ ਦੀ ਪ੍ਰਸਤਾਵਨਾ ਦੇ ਆਧਾਰ ‘ਤੇ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਸੰਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਕਈ ਵਾਰ ਸੋਧਾਂ ਕੀਤੀਆਂ ਗਈਆਂ ਪਰ ਸੰਵਿਧਾਨ ਦੀ ਪ੍ਰਸਤਾਵਨਾ ਸਦਾ ਹੀ ਅਣਛੋਹੀ ਰਹੀ ਹੈ।
ਭਾਜਪਾ ਵੱਲੋਂ ਮੁਲਕ ਨੂੰ ਵੰਡਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਖ਼ਤ ਅਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਸਤਾਵਨਾ ਨਾਲ ਛੇੜਛਾੜ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ,”ਮੁਲਕ ਦਾ ਮੌਜੂਦਾ ਦੌਰ ਲੋਕ ਰਾਜ ਵਾਲਾ ਨਹੀਂ ਸਗੋਂ ਗੁੰਡਾ ਰਾਜ ਵਾਲਾ ਹੈ। ਸਾਨੂੰ ਸਭ ਨੂੰ ਇਹ ਪਤਾ ਹੈ ਕਿ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਉਤਰ ਪ੍ਰਦੇਸ਼ ਵਿੱਚ ਕੀ ਵਾਪਰਿਆ।” ਉਨ੍ਹਾਂ ਨੇ ਮੁਲਕ ਨੂੰ ਬਚਾਉਣ ਲਈ ਨੌਜਵਾਨਾਂ ਨੂੰ ਅਗਵਾਈ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਪੰਜਾਬ ਲਈ ਆਪਣੀ ਸਰਕਾਰ ਦੇ ਵਿਕਾਸ ਏਜੰਡੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੰਕਲਪ ਸੂਬੇ ਦੀ ਅਰਥ ਵਿਵਸਥਾ ਨੂੰ ਪੈਰਾ ਸਿਰ ਕਰਨਾ ਹੈ ਅਤੇ ਇਸ ਵਾਸਤੇ ਢੰਗ-ਤਰੀਕੇ ਲੱਭਣ ਲਈ ਨਿਰੰਤਰ ਸੋਚ-ਵਿਚਾਰ ਕਰ ਰਹੇ ਹਨ। ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਪ੍ਰਾਈਵੇਟ ਸੈਕਟਰ ਵੱਡੇ ਪੱਧਰ ‘ਤੇ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪ੍ਰਾਈਵੇਟ ਸੈਕਟਰ ਵਿੱਚ ਰੋਜ਼ਗਾਰ ਹਾਸਲ ਹੋਇਆ ਹੈ ਅਤੇ ਇਕ ਲੜਕੀ ਨੂੰ ਤਾਂ 42 ਲੱਖ ਰੁਪਏ ਦਾ ਸਾਲਾਨਾ ਪੈਕੇਜ ਵੀ ਮਿਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਉਦਯੋਗ ਨੂੰ ਸੂਬੇ ਵਿੱਚ ਲਿਆਉਣ ਲਈ ਆਪਣੇ ਪੱਧਰ ‘ਤੇ ਪੂਰੇ ਯਤਨ ਕਰ ਰਹੀ ਹੈ ਤਾਂ ਕਿ ਰੋਜ਼ਗਾਰ ਦੇ ਹੋਰ ਮੌਕੇ ਸਿਰਜੇ ਜਾ ਸਕਣ।
ਅਕਾਲੀਆਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਖਾਤਰ ਸੂਬੇ ਦਾ ਭੱਠਾ ਬਿਠਾ ਦੇਣ ਦੇ ਦੋਸ਼ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੇ ਪੈਰ ਪਸਾਰਨ ਅਤੇ ਗੈਂਗਸਟਰਾਂ ਦੇ ਵਧਣ-ਫੁੱਲਣ ਲਈ ਸਿੱਧੇ ਤੌਰ ‘ਤੇ ਅਕਾਲੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਸੂਬੇ ਦੀ ‘ਦੂਜੀ ਵੰਡ’ ਲਈ ਅਕਾਲੀਆਂ ਨੂੰ ਆੜੇ ਹੱਥੀਂ ਲਿਆ ਕਿਉਂ ਜੋ ਇਨ੍ਹਾਂ ਦੀਆਂ ਨੀਤੀਆਂ ਸਦਕਾ ਇੰਡਸਟਰੀ ਹਰਿਆਣਾ/ਐਨ.ਸੀ.ਆਰ. ਵੱਲ ਹਿਜਰਤ ਕਰ ਗਈ ਅਤੇ ਸੈਰ-ਸਪਾਟਾ ਹਿਮਾਚਲ ਪ੍ਰਦੇਸ਼ ਵੱਲ ਚਲਾ ਗਿਆ ਜਿਸ ਨਾਲ ਪੰਜਾਬ ਥੋੜ੍ਹੇ ਜਿਹੇ ਵਸੀਲਿਆਂ ਨਾਲ ਜੂਝ ਰਿਹਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਯੂਥ ਵਿੰਗ ਭਵਿੱਖ ਦੇ ਲੀਡਰ ਤਿਆਰ ਕਰਨ ਦੀ ਨਰਸਰੀ ਹੈ।
ਆਪਣੇ ਵਿਚਾਰ ਸਾਂਝੇ ਕਰਦਿਆਂ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਿੰਗਲਾ, ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਅਮਰਪ੍ਰੀਤ ਸਿੰਘ ਲਾਲੀ ਸਮੇਤ ਪੰਜਾਬ ਯੂਥ ਕਾਂਗਰਸ (ਪੀ.ਵਾਈ.ਸੀ.) ਦੇ ਸਾਬਕਾ ਪ੍ਰਧਾਨਾਂ ਦੀ ਉਨ੍ਹਾਂ ਦੀ ਅਗਵਾਈ ਲਈ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਜਤਾਇਆ ਕਿ ਨਵੀਂ ਟੀਮ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੁਖੀਆਂ ਅਤੇ ਮੈਂਬਰਾਂ ਨੂੰ ਪਾਰਟੀ ਅਤੇ ਰਾਜ ਦੀ ਸੇਵਾ ਲਈ ਪ੍ਰਮੁੱਖ ਅਹੁਦੇ ਦਿੱਤੇ ਜਾਣ।
ਸ੍ਰੀ ਆਂਵਲਾ ਨੇ ਹਾਲ ਹੀ ਦੀਆਂ ਜ਼ਿਮਨੀ ਚੋਣਾਂ ਵਿੱਚ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰਨ ਅਤੇ ਜਲਾਲਾਬਾਦ ਦੀ ਸੇਵਾ ਲਈ ਮੌਕਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਕੇਵਲ ਕਾਂਗਰਸ ਹੀ ਹੈ ਜੋ ਹਮੇਸ਼ਾ ਹੁਨਰ ਅਤੇ ਸਖ਼ਤ ਮਿਹਨਤ ਨੂੰ ਪਹਿਚਾਣਦੀ ਅਤੇ ਸਨਮਾਨ ਦਿੰਦੀ ਹੈ।
ਸ੍ਰੀ ਲਾਲੀ ਨੇ ਪੰਜਾਬ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਵਧਾਈ ਦਿੱਤੀ ਅਤੇ ਵਿਸ਼ਵਾਸ ਜਤਾਇਆ ਕਿ ਸੂਬਾ ਭਰ ਵਿੱਚ ਕਾਂਗਰਸ ਸਰਕਾਰ ਦੀਆਂ ਨੀਤੀਆਂ ਦੇ ਪਾਸਾਰ ਲਈ ਨਵੀਂ ਟੀਮ ਅਹਿਮ ਭੂਮਿਕਾ ਨਿਭਾਏਗੀ।
ਪੀ.ਵਾਈ.ਸੀ. ਦੇ ਜਨਰਲ ਸੱਕਤਰ ਮੋਹਿਤ ਮੋਹਿੰਦਰਾ ਨੇ ਵੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਅਗਾਮੀ ਚੋਣਾਂ ਵਿੱਚ ਵੀ ਪਾਰਟੀ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕਾਂਗਰਸੀ ਵਰਕਰਾਂ ਨੂੰ ਨਿਰੰਤਰ ਕਾਰਜ ਕਰਨ ਅਪੀਲ ਕੀਤੀ।
ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਯੂਥ ਕਾਂਗਰਸ ਦੇ ਨਵੇਂ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਪਾਰਟੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਤੇਜ਼ੀ ਨਾਲ ਪਾਸਾਰ ਲਈ ਸਮੂਹ ਯੂਥ ਕਾਰਕੁਨਾਂ ਨੂੰ ਅਪੀਲ ਕੀਤੀ। ਨੌਜਵਾਨਾਂ, ਵਿਸ਼ੇਸ਼ ਤੌਰ ‘ਤੇ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਲਈ ਰਾਜਨੀਤੀ ਵਿੱਚ ਥਾਂ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਰਾਜਾ ਵੜਿੰਗ, ਕੁਲਬੀਰ ਜ਼ੀਰਾ ਅਤੇ ਦਲਵੀਰ ਸਿੰਘ ਗੋਲਡੀ ਵਰਗੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਫ਼ਲਤਾ ਹਾਸਲ ਕੀਤੀ। ਸ੍ਰੀ ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਵਿੱਤੀ ਮੁਸ਼ਕਲਾਂ ਵਿੱਚ ਫਸੇ ਅਤੇ ਦੀਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹੇ ਪੰਜਾਬ ਨੂੰ ਵਿੱਤ ਪ੍ਰਬੰਧਨ ਨਾਲ ਮੁੜ ਲੀਹ ‘ਤੇ ਲਿਆਂਦਾ।
ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਵੀ ਉਹ ਹਮੇਸ਼ਾ ਯੂਥ ਕਾਂਗਰਸ ਦੀ ਅਗਵਾਈ ਕਰਦਿਆਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਏ.ਆਈ.ਸੀ.ਸੀ. ਦੇ ਸਕੱਤਰ ਤੇ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨ ਅਲਾਵਰੂ, ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ, ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ, ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਹਾਜ਼ਰ ਸਨ।