ਚੰਡੀਗੜ੍ਹ : ਚੰਡੀਗੜ੍ਹ ਖੇਤਰ ਦੇ ਦਰਜਨ ਧਾਰਮਿਕ ਇਮਾਮਾ ਅਤੇ ਮੁਸਲਿਮ ਜੱਥੇਬੰਦੀਆਂ ਦੇ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ 28-ਏ,ਚੰਡੀਗੜ੍ਹ ਵਿਖੇ ਪ੍ਰੈਸ ਕਾਨਫੰਰਸ ਕਰਕੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਨਨਕਾਣਾ ਸਾਹਿਬ ਵਾਲੀ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਨਿਸ਼ਾਨਦਈ ਕਰਕੇ ਸਾਜਿਸ਼ ਕਰਤਾ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜਾ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਦੁਸਰੇ ਧਰਮਾਂ ਦੇ ਧਾਰਮਿਕ ਸਥਾਨਾਂ ਉਤੇ ਹਮਲੇ ਕਰਨ ਦੀ ਆਗਿਆ ਨਹੀਂ ਦਿੰਦਾ। ਜੋ ਲੋਕ ਧਰਮ ਦੀ ਆੜ ਵਿਚ ਆਪਸੀ ਭਾਈਚਾਰਿਆਂ ਅੰਦਰ ਨਫਰਤ ਫੈਲਾਕੇ ਫਿਰਕੂ ਮਾਹੌਲ ਪੈਦਾ ਕਰਨ ਦੇ ਯਤਨ ਕਰ ਰਹੇ ਹਨ। ਮੁਸਲਿਮ ਭਾਈਚਾਰਾ ਉਨ੍ਹਾਂ ਨੂੰ ਹਰਗਿਜ ਬਰਦਾਸ਼ਤ ਨਹੀਂ ਕਰੇਗਾ।
ਇਨ੍ਹਾਂ ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦਾ ਵਿਦੇਸ਼ ਵਿਭਾਗ ਤੁਰੰਤ ਆਪਣਾ ਪ੍ਰਭਾਵ ਵਰਤਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਵੇ ਅਤੇ ਘੱਟ ਗਿਣਤੀ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਮੌਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ.ਖੁਸ਼ਹਾਲ ਸਿੰਘ ਨੇ ਉਪਰੋਕਤ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਇਸ ਘਟਨਾ ਲਈ ਉਹ ਲੋਕ ਜਿੰਮੇਵਾਰ ਹਨ ਜੋ ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਆਪਸੀ ਸਾਂਝ ਦੇ ਵਿਰੋਧੀ ਹਨ। ਇਸ ਘਟਨਾ ਨੇ ਕਰਤਾਰਪੁਰੇ ਲਾਂਗੇ ਦਾ ਵਿਰੋਧ ਕਰਨ ਵਾਲੀ ਧਿਰ ਨੂੰ ਬਲ ਦਿਤਾ ਹੈ। ਇਸ ਘਟਨਾ ਦੀ ਅੰਤਰਰਾਸ਼ਟਰੀ ਏਜੰਸੀਆਂ ਰਾਂਹੀ ਨਿਰਪੱਖ ਜਾਂਚ ਕਰਵਾਕੇ ਸੱਚਾਈ ਉਜਾਗਰ ਕਰਨੀ ਚਾਹਦੀ ਹੈ।
ਇਸ ਮੌਕੇ ਮੋਲਾਨਾ ਅਜਮਲ ਖਾਂ, ਮੁਫਤੀ ਮੁਹੰਮਦ ਅਨਸ, ਮੋਲਾਨਾ ਮੁਹੰਮਦ ਇਮਰਾਨ, ਕਾਰੀ ਮੁਹੰਮਦ ਸ਼ਮਸ਼ੇਰ, ਮੁਹੰਮਦ, ਸਾਦਿਕ ਸ਼ੇਖ, ਹਾਜੀ ਮੁਹੰਮਦ ਯੂਨਿਸ, ਗੁਰਮੇਲ ਖਾਂ, ਮਹਿੰਦੀ ਹਸਨ, ਖਲੀਲ ਖਾਂ, ਹਾਫਿਜ ਮੁਹੰਮਦ ਖਾਲਿਦ ਖਾਂ ਆਦਿ ਮੁਸਲਿਮ ਭਾਈਚਾਰੇ ਦੇ ਆਗੂ ਸ਼ਾਮਿਲ ਹੋਏ।