ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਚਹੁੰਤਰਫੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਨਜਾਇਜ਼ ਮਹਿੰਗੀ ਬਿਜਲੀ ਵੱਡਾ ਮੁੱਦਾ ਪਰੰਤੂ ਸਰਕਾਰ ਦਾ ਸਰੋਕਾਰ ਲੋਕਾਂ ਨਾਲ ਨਹੀਂ ਸਗੋਂ ਹਾਈ ਪ੍ਰੋਫਾਈਲ ਬਿਜਲੀ ਮਾਫ਼ੀਆ ਅਤੇ ਨਿੱਜੀ ਥਰਮਲ ਪਲਾਂਟਾਂ ਦੀ ਲੁੱਟ ਨਾਲ ਹੈ। ਇਹੋ ਕਾਰਨ ਹੈ ਕਿ ਇੱਕ ਪਾਸੇ ਬਿਜਲੀ ਸਸਤੀ ਕਰਵਾਉਣ ਲਈ ਮੋਰਚੇ ਲਗਾਏ ਜਾ ਰਹੇ ਹਨ, ਦੂਜੇ ਪਾਸੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮੀਟੇਡ (ਪਾਵਰ ਕਾਮ) ਵੱਲੋਂ ਅਗਲੇ ਵਿੱਤੀ ਵਰ੍ਹੇ 2020-21 ਲਈ ਬਿਜਲੀ ਦੀਆਂ ਦਰਾਂ ‘ਚ 12 ਤੋਂ 14 ਫ਼ੀਸਦੀ ਤੱਕ ਹੋਰ ਵਾਧਾ ਕਰਨ ਲਈ ਖਰੜੇ ਤਿਆਰ ਕਰਨ ਦੀਆਂ ਰਿੋਪਰਟਾਂ ਆ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਾਵਰਕਾਮ ਬਿਜਲੀ ਦਰਾਂ ਵਧਾਉਣ ਦੀ ਥਾਂ ਘਟਾਉਣ ‘ਤੇ ਕੇਂਦਰਿਤ ਹੋਵੇ।
ਮਾਨ ਨੇ ਕਿਹਾ ਕਿ ਪਾਰਵਰਕਾਮ ਵੱਲੋਂ ਅਗਲੇ ਵਿੱਤੀ ਸਾਲ ਲਈ ਆਪਣੀਆਂ ਵਿੱਤੀ ਲੋੜਾਂ 36 ਹਜ਼ਾਰ 150 ਕਰੋੜ ਆਂਕਦੇ ਹੋਏ ਮੌਜੂਦਾ ਬਿਜਲੀ ਕਿਰਾਇਆ 32 ਹਜ਼ਾਰ 700 ਕਰੋੜ ਦੱਸਿਆ ਹੈ ਅਤੇ ਘੱਟ ਪੈਂਦਾ ਫ਼ਰਕ 3450 ਕਰੋੜ ਰੁਪਏ ਬਿਜਲੀ ਦਰਾਂ ‘ਚ 12 ਤੋਂ 14 ਪ੍ਰਤੀਸ਼ਤ ਇਜ਼ਾਫਾ ਕਰਕੇ ਬਿਜਲੀ ਖਪਤਕਾਰਾਂ (ਲੋਕਾਂ) ਦੀਆਂ ਜੇਬਾਂ ‘ਚੋਂ ਪੂਰਾ ਕਰਨ ਦੀ ਤਜਵੀਜ਼ ਦਿੱਤੀ ਹੈ। ਮਾਨ ਨੇ ਕਿਹਾ ਕਿ ਅਜਿਹੇ ਲੋਕ ਮਾਰੂ ਫ਼ੈਸਲੇ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਮਾਨ ਨੇ ਦੋਸ਼ ਲਗਾਏ ਕਿ ਇਹ ਸਭ ਕੁੱਝ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਵਾਂਗ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਬਿਜਲੀ ਮਾਫੀਆ ਨਾਲ ਪੂਰੀ ਤਰ੍ਹਾਂ ਰੱਲ ਚੁੱਕੇ ਹਨ।
ਭਗਵੰਤ ਮਾਨ ਨੇ ਕਿਹਾ, ”ਜਦੋਂ ਕਿਸੇ ਦੇਸ਼ ਜਾਂ ਰਾਜ ਦਾ ਸ਼ਾਸਕ ਜਨਤਾ ਦੀ ਪ੍ਰਵਾਹ ਕੀਤੇ ਬਿਨਾਂ ਜਾਇਜ਼-ਨਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕਰਨ ਲੱਗ ਜਾਵੇ ਤਾਂ ਆਮ ਲੋਕਾਂ ਅਤੇ ਸੂਬੇ ਦੀ ਸਥਿਤੀ ਏਦਾਂ ਤਰਸਯੋਗ ਹੋ ਜਾਂਦੀ ਹੈ, ਜਿਵੇਂ ਅੱਜ ਪੰਜਾਬ ਅਤੇ ਪੰਜਾਬੀਆਂ ਦੀ ਕਰ ਦਿੱਤੀ ਗਈ ਹੈ। ਨੀਤੀ ਆਯੋਗ ਦੀ ਤਾਜ਼ਾ ਰਿਪੋਰਟ ਨੇ ਪੰਜਾਬ ਦੇ ਦਿਨ-ਪ੍ਰਤੀ ਦਿਨ ਨਿੱਘਰਦੇ ਜਾ ਰਹੇ ਹਲਾਤਾਂ ‘ਤੇ ਮੋਹਰ ਲਗਾ ਦਿੱਤੀ ਹੈ, ਭੁੱਖ ਨਾਲ ਜੂਝ ਰਹੇ ਪੂਰੇ ਮੁਲਕ ਨੂੰ ਭੁੱਖਮਰੀ ‘ਚੋਂ ਕੱਢਣ ਲਈ ਬੇਮਿਸਾਲ ਭੂਮਿਕਾ ਨਿਭਾਉਣ ਵਾਲਾ ਪੰਜਾਬ ਕਰੀਬ 37 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ‘ਚੋਂ ਲੁੜ੍ਹਕ ਕੇ 12 ਵੇਂ ਸਥਾਨ ‘ਤੇ ਆ ਗਿਆ ਹੈ। ਹਾਲਾਤ ਇਸ ਕਦਰ ਤਰਸਯੋਗ ਹੋ ਚੁੱਕੇ ਹਨ ਕਿ ਆਰਥਿਕ ਪੱਖੋਂ ਟੁੱਟੇ ਲੋਕ ਬਿਜਲੀ ਦੇ ਭਾਰੀ-ਭਰਕਮ ਬਿੱਲਾਂ ਅਤੇ ਬਕਾਇਆ ਦੇ ਨਿਪਟਾਰੇ ਲਈ ਕਿਸ਼ਤਾਂ ਕਰਾਉਣ ਲਈ ਅਫ਼ਸਰਾਂ ਅਤੇ ਸਿਆਸੀ ਲੋਕਾਂ ਅੱਗੇ ਗਿੜਗਿੜਾ ਰਹੇ ਹਨ। ਇਹ ਬੇਹੱਦ ਅਫ਼ਸੋਸਨਾਕ ਵਰਤਾਰਾ ਹੈ। ਜਿਸ ਲਈ ਕੋਈ ਹੋਰ ਨਹੀਂ, ਸਗੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦਾ ਨਾਪਾਕ ਗੱਠਜੋੜ ਜ਼ਿੰਮੇਵਾਰ ਹੈ, ਜੋ ਬਿਜਲੀ ਮਾਫ਼ੀਆ ਨੂੰ ਸਰਕਾਰੀ ਸਰਪ੍ਰਸਤੀ ਦਿੰਦਾ ਰਿਹਾ ਹੈ ਅਤੇ ਦੇ ਰਿਹਾ ਹੈ।”
ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਘਾਤਕ ਅਤੇ ਮਾਰੂ ਸ਼ਾਸਕਾਂ ਨੂੰ ਜਗਾਉਣ ਅਤੇ ਸਬਕ ਸਿਖਾਉਣ ਲਈ ਸਭ ਨੂੰ ਇੱਕਜੁੱਟ ਅਤੇ ਇਕਸੁਰ ਹੋ ਕੇ ਲਾਮਬੰਦ ਹੋਣਾ ਪਵੇਗਾ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ‘ਬਿਜਲੀ ਮੋਰਚਾ’ ਸਿਰਫ਼ ਤੇ ਸਿਰਫ਼ ਆਮ ਆਦਮੀ ਪਾਰਟੀ ਦਾ ਅੰਦੋਲਨ ਨਹੀਂ ਸਗੋਂ ਹਰੇਕ ਵਰਗ ਅਤੇ ਹਰੇਕ ਨਾਗਰਿਕ ਦੇ ਘਰ ਦਾ ਮਸਲਾ ਹੈ, ਕਿਉਂਕਿ ਬਿਜਲੀ ਮਹਿਕਮਾ ਝਾੜੂ ਵਾਲਿਆਂ, ਅਕਾਲੀਆਂ, ਟਕਸਾਲੀਆ, ਕਾਂਗਰਸੀਆਂ, ਕਾਮਰੇਡਾਂ ਜਾਂ ਹਾਥੀ ਵਾਲਿਆਂ ਦੇ ਘਰ ਲੱਭ ਕੇ ਵੱਖ-ਵੱਖ ਬਿਲ ਨਹੀਂ ਭੇਜਦਾ। ਇਸ ਲੁੱਟ ਦਾ ਸਭ ਅਮੀਰ-ਗ਼ਰੀਬ ਬਰਾਬਰ ਸ਼ਿਕਾਰ ਹੋ ਰਹੇ ਹਨ।