ਬੀਜਿੰਗ: ਚੀਨ ‘ਚ ਪਿਛਲੇ ਸਾਲ ਨਵੰਬਰ ‘ਚ ਡਾਕਟਰ ਹੀ ਜਿਆਨਕੋਈ ਵੱਲੋਂ ਜੀਨ ਅਡਿਟਿੰਗ ਤਕਨੀਕ (CRISPR) ਦੀ ਵਰਤੋਂ ਕਰਕੇ “ਜੇਨੇਟਿਕਲੀ ਅਡਿਟੇਡ” ਬੱਚੇ ਪੈਦਾ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਿਕ ਇਸ ਤਕਨੀਕ ਨਾਲ ਬੱਚਿਆਂ ਦੇ ਭਰੂਣ ਜੀਨਾਂ ‘ਚ ਬਦਲਾਅ ਕੀਤਾ ਗਿਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਸ ਤਕਨੀਕ ਨਾਲ ਬੱਚਿਆਂ ਨੂੰ ਐੱਚ.ਆਈ.ਵੀ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਪੈਦਾ ਹੋਣ ਵਾਲੇ ਇਹ ਦੁਨੀਆ ਦੇ ਪਹਿਲੇ ਬੱਚੇ ਸਨ। ਉਸ ਸਮੇਂ ਪੂਰੀ ਦੁਨੀਆਂ ਦੇ ਨਾਲ-ਨਾਲ ਚੀਨ ਨੇ ਵੀ ਇਸ ਦੀ ਆਲੋਚਨਾ ਕੀਤੀ ਸੀ ਤੇ ਇਸ ਨੂੰ ਨੈਤਿਕਤਾ ਦੇ ਵਿਰੁੱਧ ਦੱਸਿਆ ਸੀ।
ਹੁਣ ਰਿਪੋਰਟਾਂ ਮੁਤਾਬਿਕ ਚੀਨ ਦੀ ਇੱਕ ਅਦਾਲਤ ਨੇ ਵਿਗਿਆਨੀ ਹੀ ਜਿਆਨਕੋਈ ਨੂੰ ਗੈਰ ਕਾਨੂੰਨੀ ਢੰਗ ਨਾਲ ਡਾਕਟਰੀ ਇਲਾਜ ਕਰਨ ਦਾ ਦੋਸ਼ੀ ਪਾਇਆ ਹੈ। ਜਿਸ ਦੇ ਚੱਲਦਿਆ ਅਦਾਲਤ ਨੇ 30 ਦਸੰਬਰ ਨੂੰ ਡਾਕਟਰ ਹੀ ਜਿਆਨਕੋਈ ਨੂੰ ਤਿੰਨ ਸਾਲ ਦੀ ਸਜਾ ‘ਤੇ 3 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਉਨ੍ਹਾਂ ਦੇ ਸਾਥੀ ਜਿਨ੍ਹਾਂ ਨੇ ਇਸ ਆਪਰੇਸ਼ਨ ‘ਚ ਡਾਕਟਰ ਹੀ ਜਿਆਨਕੋਈ ਦੀ ਮਦਦ ਕੀਤੀ ਸੀ ਨੂੰ ਵੀ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ।
ਹੀ ਜਿਆਨਕੋਈ ਚੀਨ ਦੇ ਸੇਨਜੇਨ ਪ੍ਰਾਂਤ ਦੇ ਸਾਊਥਰਨ ਯੂਨੀਵਰਸਿਟੀ ਆਫ ਸਾਇੰਸ ਐੱਡ ਟੈਕਨੋਲਜੀ ‘ਚ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਨੌਕਰੀ ਕਰਦੇ ਸਨ। ਉਨ੍ਹਾਂ ਨੇ ਨਵੰਬਰ 2018 ‘ਚ ਦਾਅਵਾ ਕੀਤਾ ਸੀ ਕਿ ਉਹ CRISPR-ਕੇਸ 9 ਦੇ ਨਾਮ ਨਾਲ ਜਾਣੀ ਜਾਂਦੀ ਅਡਿਟਿੰਗ ਤਕਨੀਕ ਦਾ ਇਸਤਮਾਲ ਕਰਕੇ ਦੋ ਜੁੜਵਾਂ ਲੜਕਿਆਂ ਦੇ ਜੀਨ ਨੂੰ ਬਦਲਣ ‘ਚ ਕਾਮਯਾਬ ਰਹੇ ਹਨ। ਚੀਨ ਦੇ ਨਾਲ-ਨਾਲ ਪੂਰੀ ਦੁਨੀਆਂ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ ਗਈ।