ਵਾਸ਼ਿੰਗਟਨ: ਅਮਰੀਕਾ ਦੇ ਕੋਲੋਰਾਡੋ ਵਿੱਚ ਕ੍ਰਿਸਮਸ ‘ਤੇ ਇੱਕ ਵਿਅਕਤੀ ਨੇ ਬੈਂਕ ਲੁੱਟ ਕੇ ਪੈਸਾ ਲੋਕਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੱਸਿਆ ਕਿ ਵਿਅਕਤੀ ਡਾਕਾ ਮਾਰਨ ਤੋਂ ਬਾਅਦ ਬਾਹਰ ਨਿਕਲਿਆ ਅਤੇ ਪੈਸੇ ਸੜਕ ‘ਤੇ ਹਵਾ ਵਿੱਚ ਉੜਾ ਕੇ ਲੋਕਾਂ ਨੂੰ ਲੁੱਟਣ ਨੂੰ ਕਹਿਣ ਲੱਗਾ ਤੇ ਨਾਲ ਹੀ ਉੱਚੀ ਉੱਚੀ ਚੀਕ ਕੇ ਰਾਹਗੀਰਾਂ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦੇਣ ਲਗਾ।
ਪੁਲਿਸ ਨੇ ਡਾਕਾ ਮਾਰਨ ਵਾਲੇ ਡੇਵਿਡ ਵੇਨ ਓਲਿਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੇਵਿਡ ਨੇ ਇਸ ਘਟਨਾ ਨੂੰ ਸੋਮਵਾਰ ਨੂੰ ਅੰਜ਼ਾਮ ਦਿੱਤਾ।
ਘਟਨਾ ਵੇਲੇ ਬੈਂਕ ਵਿੱਚ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਬੈਂਕ ਦੇ ਅੰਦਰ ਆਇਆ ਅਤੇ ਜਾਨੋਂ ਮਾਰਨ ਦੀ ਧਮਕੀਆਂ ਦੇਣ ਲੱਗਾ। ਉਸ ਵੇਲੇ ਬੈਂਕ ਵਿੱਚ ਜ਼ਿਆਦਾ ਭੀੜ ਨਹੀਂ ਸੀ ਤੇ ਉਸਨੇ ਕੈਸ਼ੀਅਰ ਨੂੰ ਪੈਸੇ ਦੇਣ ਨੂੰ ਕਿਹਾ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਉਸਨੇ ਕਿੰਨੀ ਰਕਮ ਲੁੱਟੀ।
ਹਜ਼ਾਰਾਂ ਡਾਲਰ ਗਾਇਬ
ਸੜਕ ‘ਤੇ ਜਾ ਰਹੇ ਇੱਕ ਰਾਹਗੀਰ ਨੇ ਦੱਸਿਆ ਕਿ ਅਚਾਨਕ ਉਹ ਬੈਗ ਤੋਂ ਪੈਸੇ ਕੱਢ ਕੇ ਹਵਾ ‘ਚ ਉਡਾਉਣ ਲੱਗਾ ਅਤੇ ਜੋਰ – ਜੋਰ ਨਾਲ ਮੈਰੀ ਕ੍ਰਿਸਮਸ ਕਹਿਣ ਲਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਰਾਹਗੀਰਾਂ ਨੇ ਸੜਕ ਉੱਤੇ ਖਿਲਰੇ ਪੈਸੇ ਬੈਂਕ ਨੂੰ ਵਾਪਸ ਕਰ ਦਿੱਤੇ ਪਰ ਉਥੇ ਹੀ ਹਜ਼ਾਰਾਂ ਡਾਲਰ ਗਾਇਬ ਹੋਣ ਦੀ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।