ਸ਼ਬਦ ਵਿਚਾਰ -113 ਜਪੁਜੀ ਸਾਹਿਬ – ਪਉੜੀ 37 – ਡਾ. ਗੁਰਦੇਵ ਸਿੰਘ

TeamGlobalPunjab
9 Min Read

ਸ਼ਬਦ ਵਿਚਾਰ – 113

 ਜਪੁਜੀ ਸਾਹਿਬ – ਪਉੜੀ 37

ਡਾ. ਗੁਰਦੇਵ ਸਿੰਘ*

ਇਕਮਿਕ ਹੋਏ ਮਨ ‘ਤੇ ਕੋਈ ਵੀ ਵਿਕਾਰ ਚੋਟ ਨਹੀਂ ਕਰ ਸਕਦਾ। ਇਹ ਅਵਸਥਾ ਧਰਮ, ਗਿਆਨ ਦੇ ਨਾਲ ਇੱਕ ਵਿਸ਼ੇਸ਼ ਉਦਮ ਹੀ ਅਜਿਹੀ ਅਵਸਥਾ ਬਣਾ ਸਕਦਾ ਹੈ ਜਿਸ ਨਾਲ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ ਉਹ ਵਾਹਿਗੁਰੂ ਆਪ ਵਾਸ ਕਰਦਾ ਹੈ। ਜਪੁਜੀ ਸਾਹਿਬ ਦੀ 37ਵੀਂ ਪਉੜੀ ਵਿੱਚ ਇਸ ਅਵਸਥਾ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਸ਼ਬਦ ਵਿਚਾਰ ਦੀ ਚਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ ਇਸੇ 37 ਵੀਂ ਪਾਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰ ਸਾਹਿਬ ਨੇ ਕਰਮ ਖੰਡ ਤੇ ਸਚ ਖੰਡ ਦਾ ਉਪਦੇਸ਼ ਦਿੱਤਾ ਹੈ:

ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥

- Advertisement -

ਤਿਥੈ ਜੋਧ ਮਹਾਬਲ ਸੂਰ ॥ ਤਿਨ ਮਹਿ ਰਾਮੁ ਰਹਿਆ ਭਰਪੂਰ ॥

ਪਦ ਅਰਥ: ਕਰਮ = ਬਖਸ਼ਸ਼। ਬਾਣੀ = ਬਨਾਵਟ। ਜੋਰੁ = ਬਲ, ਤਾਕਤ। ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ। ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ। ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰ = ਸੂਰਮੇ। ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।

ਵਿਆਖਿਆ : ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ) , ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ। ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।

ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥ ਤਾ ਕੇ ਰੂਪ ਨ ਕਥਨੇ ਜਾਹਿ ॥

ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥

- Advertisement -

ਪਦ ਅਰਥ: ਸੀਤੋ ਸੀਤਾ = ਪੂਰਨ ਤੌਰ ‘ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। (ਨੋਟ: ਇਕੋ ਹੀ ਸ਼ਬਦ ‘ਸੀਤਾ’ ਦੂਜੀ ਵਾਰੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਸ ਖ਼ਿਆਲ ‘ਤੇ ਖ਼ਾਸ ਵਧੀਕ ਜ਼ੋਰ ਦਿੱਤਾ ਹੈ। ਇਹੋ ਜਿਹੇ ਹੀ ਵਾਕੰਸ਼ ਹੋਰ ਭੀ ਹਨ, ਜਿਵੇਂ- (1) ਨਾਨਕ ਅੰਤੁ ਨ ਅੰਤੁ। (ਪਉੜੀ 35) (2) ਤਿਥੈ ਹੋਰੁ ਨ ਕੋਈ ਹੋਰੁ। (ਪਉੜੀ 37) (3) ਜੇ ਕੋ ਕਥੈ ਤ ਅੰਤ ਨ ਅੰਤ। (ਪਉੜੀ 37) ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਾਆਈ। ਮਾਹਿ = ਵਿਚ। ਤਾ ਕੇ = ਉਹਨਾਂ ਮਨੁੱਖਾਂ ਦੇ। ਰੂਪ = ਸੁੰਦਰ ਸਰੂਪ। ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ। ਓਹਿ = ਉਹ ਬੰਦੇ। ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ। ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।)

ਵਿਆਖਿਆ : ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)। (ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।

ਤਿਥੈ ਭਗਤ ਵਸਹਿ ਕੇ ਲੋਅ ॥

ਕਰਹਿ ਅਨੰਦੁ ਸਚਾ ਮਨਿ ਸੋਇ ॥

ਪਦ ਅਰਥ: ਵਸਹਿ = ਵੱਸਦੇ ਹਨ। ਲੋਅ = ਲੋਕ, ਭਵਣ। ਕੇ ਲੋਅ = ਕਈ ਭਵਣਾਂ ਦੇ। (ਵੇਖੋ ਪਉੜੀ 34 ਵਿਚ ‘ਕੇ ਰੰਗ’) । ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।

ਵਿਆਖਿਆ : ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।

ਸਚ ਖੰਡਿ ਵਸੈ ਨਿਰੰਕਾਰੁ ॥

ਕਰਿ ਕਰਿ ਵੇਖੈ ਨਦਰਿ ਨਿਹਾਲ ॥

ਪਦ ਅਰਥ: ਸਚਿ = ਸੱਚ ਵਿਚ। ਸਚਿ ਖੰਡਿ = ਸਚ ਖੰਡ ਵਿਚ। ਕਰਿ ਕਰਿ = ਸ੍ਹਿਸ਼ਟੀ ਰਚ ਕੇ। ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ। ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ।

ਵਿਆਖਿਆ : ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।

ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥

ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥

ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭॥ 

ਪਦ ਅਰਥ: ਵਰਭੰਡ = ਬ੍ਰਹਿਮੰਡ। ਕੋ = ਕੋਈ ਮਨੁੱਖ। ਕਥੈ = ਦੱਸਣ ਲੱਗੇ, ਬਿਆਨ ਕਰੇ। ਤ ਅੰਤ ਨ ਅੰਤ = ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ। ਲੋਅ ਲੋਅ = ਕਈ ਲੋਕ, ਕਈ ਭਵਨ। ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ। ਕਥਨਾ = ਕਥਨ ਕਰਨਾ, ਬਿਆਨ ਕਰਨਾ। ਸਾਰੁ: ਇਸ ਸ਼ਬਦ ਨੂੰ ਸਮਝਣ ਲਈ ਵੰਨਗੀ-ਮਾਤਰ ਹੇਠ-ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ: (1) ਪਹਿਰਾ ਅਗਨਿ ਹਿਵੈ ਘਰ ਬਾਧਾ ਭੋਜਨ ਸਾਰੁ ਕਰਾਈ।1। (ਪਉੜੀ 19, ਮਾਝ ਕੀ ਵਾਰ) (2) ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। (ਸੂਹੀ ਛੰਤ ਮਹਲਾ 5) (3) ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਇਐ। (ਮਾਝ ਕੀ ਵਾਰ, ਪਉੜੀ 15) (4) ਧਨੁ ਵਡਭਾਗੀ  ਨਾਨਕਾ, ਜਿਨ ਗੁਰਮੁਖਿ ਹਰਿ ਰਸੁ ਸਾਰਿ।1। (ਕਾਨੜੇ ਕੀ ਵਾਰ) ਇਹਨਾਂ ਉਪਰ-ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ: (1) ‘ਸਾਰ’ ‘ਨਾਂਵ’ ਹੈ, ਪੁਲਿੰਗ ਤੇ ਇਸਤ੍ਰੀ-ਲਿੰਗ। ‘ਸਾਰੁ’ ਪੁਲਿੰਗ ਦਾ ਅਰਥ ਹੈ ‘ਲੋਹਾ’ ਜਾਂ ‘ਤੱਤ’। ‘ਸਾਰ’ ਇਸਤ੍ਰੀ-ਲਿੰਗ ਦਾ ਅਰਥ ਹੈ ‘ਸੁਰਤਿ, ਖ਼ਬਰ’। ਜਿਵੇਂ ਪ੍ਰਮਾਣ ਨੰ: (1) ਅਤੇ (2) । (2) ‘ਸਾਰ’ ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰ: (3) ਵਿਚ ਹੈ। ਇਸ ਦਾ ਅਰਥ ਹੈ ‘ਸ੍ਰੇਸ਼ਟ’। (3) ‘ਸਾਰਿ’ ਕ੍ਰਿਆ ਹੈ, ਜਿਸ ਦਾ ਅਰਥ ਹੈ ‘ਖ਼ਬਰ ਲੈਣੀ’, ‘ਚੇਤੇ ਕਰਨਾ’ ਜਿਵੇਂ ਪ੍ਰਮਾਣ (4) । ਸਾਰੁ = ਲੋਹਾ। ਕਰੜਾ ਸਾਰੁ = ਕਰੜਾ ਜਿਵੇਂ ਲੋਹਾ ਹੈ।

ਵਿਆਖਿਆ : ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ। ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ੍ਯ੍ਯਾਂ ਸਭਨਾਂ ਵਿਚ) ੇ ਉਸੇ ਤਰ੍ਯ੍ਯਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)। (ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ। ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)। 37।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਮਝਾ ਰਹੇ ਹਨ ਕਿ ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਜੁੜੀ ਰਹਿੰਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 38ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Share this Article
Leave a comment