ਪੁਲਿਸ ਨੇ ਦਿੱਲੀ ਤੋਂ ਮਿਲੀਆਂ ਬਠਿੰਡੇ ਦੀਆਂ 3 ਵਿਦਿਆਰਥਣਾਂ ਦੇ ਲਾਪਤਾ ਹੋਣ ਸਬੰਧੀ ਕੀਤੇ ਅਹਿਮ ਖੁਲਾਸੇ

TeamGlobalPunjab
2 Min Read

ਬਠਿੰਡਾ ਦੇ ਸਰਕਾਰੀ ਕੰਨਿਆ ਸਕੂਲ ਦੀਆਂ ਲਾਪਤਾ 3 ਵਿਦਿਆਰਥਣਾਂ ਨੂੰ ਲੱਭਣ ‘ਚ ਬਠਿੰਡਾ ਪੁਲਿਸ ਸਫਲ ਰਹੀ। ਇਹਨਾਂ ਵਿਦਿਆਰਥਣਾਂ ਨੂੰ ਲਗਭਗ ਇੱਕ ਹਫਤੇ ਬਾਅਦ ਪੁਲਿਸ ਨੇ ਦਿੱਲੀ ਤੋਂ ਲਭ ਲਿਆ। ਤਿੰਨਾਂ ਨੂੰ ਬਠਿੰਡਾ ਲਿਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ।

ਇਸ ਸਬੰਧੀ ਬਠਿੰਡਾ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਤਿੰਨੇ ਲੜਕੀਆਂ ਨੇ ਚੰਗੀ ਤੇ ਆਜ਼ਾਦ ਜ਼ਿੰਦਗੀ ਦੀ ਤਲਾਸ਼ ਲਈ ਇੱਕ ਮਹੀਨੇ ਪਹਿਲਾਂ ਘਰੋਂ ਭੱਜਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਲੜਕੀਆਂ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਘੁੱਟਣ ਮਹਿਸੂਸ ਕਰਦੀਆਂ ਸਨ।

14 ਨਵੰਬਰ ਵਾਲੇ ਦਿਨ ਇਹ ਤਿੰਨੇ ਟਰੇਨ ਰਾਹੀਂ ਦਿੱਲੀ ਗਈਆਂ ਜਿਸ ਤੋਂ ਬਾਅਦ ਰੇਲ ‘ਚ ਹੀ ਇਹ ਅੱਗੇ ਵੱਖ-ਵੱਖ ਸ਼ਹਿਰਾਂ ਲਈ ਸਫਰ ਕਰਦੀਆਂ ਰਹੀਆਂ।
ਐੱਸਐੱਸਪੀ ਨੇ ਦੱਸਿਆ ਕਿ ਲੜਕੀਆਂ ਬਠਿੰਡਾ ਤੋਂ ਮਾਨਸਾ ਪਹੁੰਚੀਆਂ ਜਿੱਥੇ ਉਨ੍ਹਾਂ ਨੂੰ ਕਿਸੇ ਜਾਣ ਪਛਾਣ ਵਾਲੇ ਨੇ ਦੇਖ ਕੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ ਸੀ।

ਫਿਰ ਇਹ ਮਾਨਸਾ ਤੋਂ ਸੰਗਰੂਰ ਤੇ ਫਿਰ ਦਿੱਲੀ ਤੋਂ ਬੰਗਲੁਰੂ ਪਹੁੰਚੀਆਂ। ਇਨ੍ਹਾਂ ‘ਚੋਂ ਇੱਕ ਨੇ ਬੰਗਲੁਰੂ ਰਹਿੰਦੇ ਆਪਣੇ ਭਰਾ ਨੂੰ ਸੰਪਰਕ ਕੀਤਾ ਤੇ ਉੱਥੇ ਪਹੁੰਚਦਿਆਂ ਹੀ ਭਰਾ ਨੇ ਕਿਹਾ ਕਿ ਤੁਸੀਂ ਉਸਨੂੰ ਬਿਨਾ ਦੱਸੇ ਘਰੋਂ ਕਿਉਂ ਆਏ ਅਤੇ ਉਸਨੇ ਘਰ ਵਾਲਿਆਂ ਨੂੰ ਫੋਨ ਕੀਤਾ ਤਾਂ ਇਹ ਮੌਕਾ ਮਿਲਦੇ ਹੀ ਭਾਈ ਕੋਲੋਂ ਭੱਜ ਕੇ ਪੂਨੇ ਗਈਆਂ ਅਤੇ ਫੇਰ ਦਿੱਲੀ ਆ ਗਈਆ।

ਦਿੱਲੀ ਆ ਕੇ ਮੁੰਬਈ ਪਹੁੰਚੀਆਂ ਜਦੋਂ ਉਨ੍ਹਾਂ ਉੱਥੇ ਕੋਈ ਕੰਮ ਨਹੀਂ ਮਿਲਿਆ ਤਾਂ ਵਾਪਸ ਦਿੱਲੀ ਆ ਗਈਆਂ। ਜਿੱਥੇ ਸਟੇਸ਼ਨ ਉਤੇ ਬਠਿੰਡਾ ਪੁਲਿਸ ਨੇ ਇਨ੍ਹਾਂ ਨੂੰ ਲੱਭ ਲਿਆ ਤੇ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਤੇ ਬੱਚੀਆਂ ਦੀ ਮਨੋਵਿਗਿਆਨੀ ਤੋਂ ਕਾਉਂਸਲਿਗ ਕਰਵਾਈ ਜਾਵੇਗੀ।

Share This Article
Leave a Comment