ਟੋਰਾਂਟੋ: ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀਆਂ ਫੈਡਰਲ ਪਾਰਲੀਮੈਂਟ ਚੋਣਾਂ ਦੇ ਚਲਦਿਆਂ ਸਿਆਸੀ ਆਗੂ ਆਪਣੇ ਹਲਕੇ ਦੇ ਲੋਕਾਂ ਨਾਲ ਮਿਲ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਵਾਰ ਮੁੜ ਤੋਂ ਸਿੱਖ ਲੀਡਰਾਂ ਦਾ ਕੈਨੇਡੀਅਨ ਚੋਣਾਂ ‘ਚ ਕਾਫੀ ਬੋਲਬਾਲਾ ਹੈ। ਇਸ ਵਾਰ 50 ਤੋਂ ਵੱਧ ਉਮੀਦਵਾਰ ਪੰਜਾਬੀ ਨੇ ਤੇ ਜਿਨ੍ਹਾਂ ‘ਚੌ 18 ਪੰਜਾਬੀ ਮਹਿਲਾਵਾਂ ਹਨ ਇਨ੍ਹਾਂ ‘ਚ ਡਾਕਟਰ, ਵਕੀਲ ਤੇ ਪੱਤਰਕਾਰ ਸ਼ਾਮਲ ਹਨ।
ਇਨ੍ਹੀ ਦਿਨੀ ਨਿਊ ਡੈਮੋਕਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਵੀ ਆਪਣੇ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ। ਇਸ ਸਭ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਜਗਮੀਤ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਜਗਮੀਤ ਸਿੰਘ ਆਪਣੀ ਪਤਨੀ ਨਾਲ ਰਸਤੇ ‘ਤੇ ਜਾ ਰਹੇ ਸਨ ਤਾਂ ਅਚਾਨਕ ਇੱਕ ਗੋਰਾ ਕੈਨੇਡੀਅਨ ਉਨ੍ਹਾਂ ਨੂੰ ਰੋਕ ਕੇ ਕੰਨ ‘ਚ ਉਨ੍ਹਾਂ ਦੀ ਦਸਤਾਰ ਵਾਰੇ ਬੋਲਦਿਆਂ ਕਹਿੰਦਾ ਹੈ ਕਿ ‘ਤੁਹਾਨੂੰ ਆਪਣੀ ਪੱਗ ਉਤਾਰ ਦੇਣੀ ਚਾਹੀਦੀ ਹੈ ਜਿਸ ਨਾਲ ਤੁਸੀਂ ਪੂਰੇ ਕੈਨੇਡੀਅਨ ਦੀ ਤਰ੍ਹਾਂ ਲੱਗੋਗੇ।’
ਜਗਮੀਤ ਨੇ ਜਵਾਬ ਦਿੰਦੇ ਹੋਏ ਉਸ ਗੋਰੇ ਨੂੰ ਕਿਹਾ ਕਿ ਕੈਨੇਡਾ ਚ ਸਭ ਲੋਕ ਬਰਾਬਰ ਹਨ ਤੇ ਇਹ ਹੀ ਕੈਨੇਡਾ ਦੀ ਖੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ। ਫਿਰ ਗੋਰੇ ਨੇ ਕਿਹਾ ਕਿ ਜਿਵੇ ਰੋਮ ‘ਚ ਤੁਹਾਨੂੰ ਉਹੀ ਕਰਨਾ ਪੈਂਦਾ ਹੈ ਜੋ ਰੋਮਨ ਲੋਕ ਕਹਿੰਦੇ ਹਨ। ਇਸਦੇ ਜਵਾਬ ‘ਚ ਜਗਮੀਤ ਸਿੰਘ ਨੇ ਕਿਹਾ ਕਿ ਇਹ ਕੈਨੇਡਾ ਹੈ ਤੇ ਕੈਨੇਡੀਅਨ ਲੋਕਾਂ ਨੂੰ ਕੁਝ ਵੀ ਕਰਨ ਦੀ ਅਜ਼ਾਦੀ ਹੈ।
Lots of Canadians are told they have to change who they are to be successful. My message to all of you — be yourself & celebrate who you are. We all belong. https://t.co/T8wDnfsNMi
— Jagmeet Singh (@theJagmeetSingh) October 2, 2019
ਜਗਮੀਤ ਸਿੰਘ ਨੇ ਆਪਣੇ ਟਵਿੱਟਰ ‘ਤੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਹੁਤ ਸਾਰੇ ਕੈਨੇਡੀਅਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਸਫਲ ਹੋਣ ਲਈ ਖੁਦ ਨੂੰ ਬਦਲਨਾ ਪਏਗਾ। ਮੇਰਾ ਸਭ ਨੂੰ ਇਹੀ ਸੁਨੇਹਾ ਹੈ ਕਿ ‘ਬੀ ਯੂਅਰਸੈਲਫ’ ਤੇ ਹੁਣ ਤੁਸੀ ਜੋ ਵੀ ਹੋ ਉਸ ਲਈ ਸ਼ੁਕਰ ਮਨਾਉ।