ਪਠਾਨਕੋਟ: ਭਾਰਤੀ ਹਵਾਈ ਫੌਜ ਹੁਣ ਹੋਰ ਵੀ ਮਜਬੂਤ ਹੋ ਗਈ ਹੈ, ਹੁਣ ਭਾਰਤ ਨੂੰ ਅੱਖ ਵਿਖਾਉਣ ਤੋਂ ਪਹਿਲਾਂ ਦੁਸ਼ਮਣ ਦਸ ਵਾਰ ਸੋਚੇਗਾ। ਦੁਨੀਆ ਦੇ ਸਭ ਤੋਂ ਤੇਜ ਲੜਾਕੂ ਜਹਾਜ਼ਾਂ ‘ਚੋਂ ਇੱਕ ਅਪਾਚੇ ਹੈਲੀਕਾਪਟਰ ਹੁਣ ਭਾਰਤੀ ਹਵਾਈ ਫੌਜ ਦਾ ਹਿੱਸਾ ਬਣ ਗਏ ਹਨ। ਮੰਗਲਵਾਰ ਸਵੇਰੇ ਹਵਾਈ ਫੌਜ ਦੇ ਮੁੱਖੀ ਏਅਰ ਚੀਫ ਮਾਰਸ਼ਲ ਬੀ.ਐੱਸ ਧਨੋਆ ਦੀ ਹਾਜ਼ਰੀ ‘ਚ ਪੰਜਾਬ ਦੇ ਪਠਾਨਕੋਟ ਏਅਰਬੇਸ ‘ਤੇ 8 ਅਪਾਚੇ ਹੈਲੀਕਾਪਟਰ ਨੂੰ ਸ਼ਾਮਲ ਕਰਵਾਇਆ ਗਿਆ। ਇਹ ਉਹੀ ਪਠਾਨਕੋਟ ਏਅਰਬੇਸ ਹੈ ਜਿੱਥੇ 2016 ਵਿੱਚ ਪਾਕਿਸਤਾਨ ਵਲੋਂ ਆਏ ਅੱਤਵਾਦਿਆਂ ਨੇ ਹਮਲਾ ਕੀਤਾ ਸੀ।
ਏਅਰਬੇਸ ‘ਤੇ ਹਵਾਈ ਫੌਜ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਅਪਾਚੇ ਹੈਲੀਕਾਪਟਰ ਦੇ ਸਾਹਮਣੇ ਨਾਰੀਅਲ ਭੰਨਿਆ ਗਿਆ ਤੇ ਪੂਜਾ ਕਰ ਕੇ ਇਸਦਾ ਸਵਾਗਤ ਹਵਾਈ ਫੌਜ ਦੇ ਬੇੜੇ ਵਿੱਚ ਕੀਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ 60 ਫੁੱਟ ਉੱਚੇ ਅਤੇ 50 ਫੁੱਟ ਚੌੜੇ ਅਪਾਚੇ ਹੈਲੀਕਾਪਟਰ ਨੂੰ ਉਡਾਉਣ ਲਈ 2 ਪਾਇਲਟ ਹੋਣੇ ਜਰੂਰੀ ਹਨ। ਅਪਾਚੇ ਹੈਲੀਕਾਪਟਰ ਦੇ ਵੱਡੇ ਵਿੰਗ ਨੂੰ ਚਲਾਉਣ ਲਈ 2 ਇੰਜਣ ਹੁੰਦੇ ਹਨ, ਇਸ ਦੀ ਵਜ੍ਹਾ ਨਾਲ ਇਸ ਦੀ ਰਫਤਾਰ ਬਹੁਤ ਤੇਜ ਹੈ।
ਇਸ 2 ਸੀਟਰ ਹੈਲੀਕਾਪਟਰ ‘ਚ ਹੈਲੀਫਾਇਰ ਤੇ ਸਟਰਿੰਗਰ ਮਿਜ਼ਾਈਲਾਂ ਲੱਗੀਆਂ ਹੋਈਆਂ ਹਨ। ਇਸ ਵਿੱਚ ਇੱਕ ਸੈਂਸਰ ਵੀ ਲੱਗਿਆ ਹੈ, ਜਿਸਦੀ ਵਜ੍ਹਾ ਨਾਲ ਇਹ ਹੈਲੀਕਾਪਟਰ ਰਾਤ ਦੇ ਹਨੇਰੇ ‘ਚ ਵੀ ਆਪਰੇਸ਼ਨ ਨੂੰ ਅੰਜ਼ਾਮ ਦੇ ਸਕਦਾ ਹੈ। ਇਸ ਹੈਲੀਕਾਪਟਰ ਦੀ ਵੱਧ ਤੋਂ ਵੱਧ ਸਪੀਡ 280 ਕਿਲੋਮੀਟਰ ਪ੍ਰਤੀ ਘੰਟਾ ਹੈ। ਅਪਾਚੇ ਹੈਲੀਕਾਪਟਰ ਦਾ ਡਿਜ਼ਾਇਨ ਅਜਿਹਾ ਹੈ ਕਿ ਇਸ ਨੂੰ ਰਡਾਰ ‘ਤੇ ਫੜਨਾ ਮੁਸ਼ਕਲ ਹੁੰਦਾ ਹੈ।
ਧਿਆਨ ਯੋਗ ਹੈ ਕਿ ਅਮਰੀਕਾ ‘ਚ ਬਣਿਆ ਇਹ ਅਪਾਚੇ ਹੈਲੀਕਾਪਟਰ AH – 64E ਦੁਨੀਆ ਦਾ ਸਭ ਤੋਂ ਐਡਵਾਂਸ ਮਲਟੀ ਰੋਲ ਕਾਂਬੇਟ ਹੈਲੀਕਾਪਟਰ ਹੈ। ਸਾਲ 2015 ਸਤੰਬਰ ਵਿੱਚ ਭਾਰਤ ਤੇ ਅਮਰੀਕਾ ਦੇ ਵਿਚਾਲੇ ਇੱਕ ਵੱਡੀ ਡੀਲ ਹੋਈ ਸੀ, ਜਿਸ ਦੇ ਤਹਿਤ 22 ਹੈਲੀਕਾਪਟਰ ਭਾਰਤ ਨੂੰ ਮਿਲਣ ਵਾਲੇ ਹਨ। ਇਸ ਤੋਂ ਪਹਿਲਾਂ 27 ਜੁਲਾਈ ਨੂੰ 4 ਹੈਲੀਕਾਪਟਰ ਮਿਲ ਚੁੱਕੇ ਹਨ, ਹੁਣ ਅੱਠ ਹੈਲੀਕਾਪਟਰ ਮੰਗਲਵਾਰ ਨੂੰ ਸ਼ਾਮਲ ਹੋਏ।