ਚੰਡੀਗੜ੍ਹ : ਪੰਜਾਬੀ ਪ੍ਰਸਿੱਧ ਰੈਪਰ ਗਾਇਕਾ ਹਾਰਡ ਕੌਰ ਹਰ ਦਿਨ ਕਿਸੇ ਨਾ ਕਿਸੇ ਵਿਵਾਦ ‘ਚ ਘਿਰੀ ਰਹਿੰਦੀ ਹੈ। ਇੱਕ ਵਾਰf ਫਿਰ ਉਸ ਦਾ ਨਾਤਾ ਇੱਕ ਵਿਵਾਦ ਨਾਲ ਜੁੜ ਗਿਆ ਹੈ। ਇਹ ਵਿਵਾਦ ਸ਼ੁਰੂ ਹੋਇਆ ਹੈ ਬੀਤੇ ਦਿਨੀਂ ਹਾਰਡ ਕੌਰ ਵੱਲੋਂ ਖਾਲਿਸਤਾਨ ਦਾ ਸਮਰਥਨ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬੋਲੇ ਗਏ ਕਥਿਤ ਅਪਮਾਨਜਨਕ ਸ਼ਬਦਾਂ ਤੋਂ ਬਾਅਦ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬੋਲਣ ਤੋਂ ਬਾਅਦ ਹਾਰਡ ਕੌਰ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ। ਇੱਥੇ ਹੀ ਬੱਸ ਨੂੰ ਉਸ ਨੂੰ ਕਈ ਤਰ੍ਹਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ। ਪਾਰਟੀ ਦੇ ਕੌਮਾਂਤਰੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਹਾਰਡ ਕੌਰ ਦੀ ਅਜਿਹੀ ਹਰਕਤ ਨਾ ਕਾਬਲ-ਏ-ਬਰਦਾਸ਼ਤ ਹੈ। ਸਿਰਸਾ ਨੇ ਕਿਹਾ ਕਿ ਹਾਰਡ ਕੌਰ ਨੇ ਇਹ ਇਤਰਾਜ਼ਯੋਗ ਸ਼ਬਦ ਧਮਕੀ ਭਰੇ ਅੰਦਾਜ ਵਿੱਚ ਬੋਲੇ ਹਨ ਜਿਸ ਨਾਲ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਉਲਟ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਰੈਪਰ ਹਾਰਡ ਕੌਰ ਨੇ ਆਪਣੇ ਟਵੀਟਰ ਅਕਾਉਂਟ ‘ਤੇ ਖਾਲਿਸਤਾਨ ਦਾ ਸਮਰਥਨ ਕਰਦਿਆਂ ਇੱਕ ਵੀਡੀਓ ਵਾਇਰਲ ਕੀਤੀ ਸੀ। ਇਸ ਵੀਡੀਓ ਵਿੱਚ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਡਰਪੋਕ ਕਰਾਰ ਦਿੰਦਿਆਂ ਇਤਰਾਜ਼ਯੋਗ ਸ਼ਬਦ ਬੋਲੇ ਸਨ। ਹਾਰਡ ਕੌਰ ਦਾ ਕਹਿਣਾ ਸੀ ਕਿ ਇਹ ਸਾਡਾ ਹੱਕ ਹੈ ਤੇ ਅਸੀਂ ਇਹ ਹਾਸਲ ਕਰ ਕੇ ਰਹਾਂਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਾਰਡ ਕੌਰ ਕਈ ਨੇਤਾਵਾਂ ਜਿਵੇਂ ਯੋਗੀ ਅਦਿੱਤਿਆਨਾਥ ਤੇ ਆਰਐਸਐਸ ਮੁਖੀ ਮੋਹਨ ਭਾਗਵਤ ਖਿਲਾਫ ਬੋਲ ਚੁਕੀ ਹੈ।