ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਗਲਤ ਸਮੇਂ ‘ਤੇ ਬਿਆਨਬਾਜ਼ੀ ਕਰਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ, ਤੇ ਸ਼ਾਇਦ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ, ਇਸੇ ਲਈ ਉਨ੍ਹਾਂ ਨੇ ਇਹ ਸਭ ਕੀਤਾ ਹੈ। ਮੁੱਖ ਮੰਤਰੀ ਅਨੁਸਾਰ ਹੁਣ ਇਹ ਕਾਂਗਰਸ ਹਾਈ ਕਮਾਂਡ ‘ਤੇ ਨਿਰਭਰ ਕਰਦਾ ਹੈ ਕਿ ਉਹ ਸਿੱਧੂ ਵਿਰੁੱਧ ਕੀ ਕਾਰਵਾਈ ਕਰਦੀ ਹੈ? ਪਰ ਇੱਕ ਪਾਰਟੀ ਦੇ ਰੂਪ ਵਿੱਚ ਕਾਂਗਰਸ ਅਨੁਸਾਸ਼ਨਹੀਣਤਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਕੈਪਟਨ ਇੱਥੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇੱਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਿੱਧੂ ਸੱਚੇ ਕਾਂਗਰਸੀ ਸਨ ਤਾਂ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਲਈ ਸਹੀ ਸਮਾਂ ਚੁਣਨਾ ਚਾਹੀਦਾ ਸੀ, ਨਾ ਕਿ ਪੰਜਾਬ ਅੰਦਰ ਵੋਟਾਂ ਪਾਏ ਜਾਣ ਤੋਂ ਐਨ ਪਹਿਲਾਂ। ਮੁੱਖ ਮੰਤਰੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਗਾਵਤੀ ਟਿੱਪਣੀਆਂ ਅਤੇ ਗੈਰ ਜਿੰਮੇਵਾਰਾਨਾ ਹਰਕਤਾਂ ਰਾਹੀਂ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਸਨ। ਕੈਪਟਨ ਨੇ ਕਿਹਾ ਕਿ ਇਹ ਚੋਣ ਉਨ੍ਹਾਂ ਦੀ ਨਹੀਂ ਹੈ, ਬਲਕਿ ਪੂਰੀ ਕਾਂਗਰਸ ਪਾਰਟੀ ਦੀ ਹੈ। ਕੈਪਟਨ ਅਨੁਸਾਰ ਉਨ੍ਹਾਂ ਦਾ ਸਿੱਧੂ ਨਾਲ ਨਿੱਜੀ ਤੌਰ ‘ਤੇ ਕੋਈ ਵੀ ਵਖਰੇਵਾਂ ਨਹੀਂ ਹੈ, ਕਿਉਂਕਿ ਉਹ ਸਿੱਧੂ ਨੂੰ ਉਸ ਵੇਲੇ ਤੋਂ ਜਾਣਦੇ ਹਨ ਜਦੋਂ ਉਹ ਬੱਚੇ ਸਨ।