ਪਟਿਆਲਾ : ਚੋਣਾਂ ‘ਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਆਪਣਾ ਪੂਰਾ ਜੋਰ ਲਗਾਇਆ ਜਾਂਦਾ ਹੈ ਤੇ ਜੇਕਰ ਕਿਸੇ ਪਾਰਟੀ ਦੀ ਚੋਣਾਂ ‘ਚ ਹਾਰ ਵੀ ਹੋ ਜਾਂਦੀ ਹੈ ਤਾਂ ਇਸ ਦੇ ਵੱਖ ਵੱਖ ਕਾਰਨ ਦਸਦੇ ਹਨ। ਇੰਝ ਲਗਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਅਜਿਹਾ ਹੀ ਰਵੱਈਆ ਅਪਣਾਇਆ ਜਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ‘ਚੋਂ ਕੱਢਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਬਣਦੀ ਰਹਿ ਗਈ।
ਇਸ ਸਬੰਧ ਵਿੱਚ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਲ 2014 ਦੌਰਾਨ ਪਾਰਟੀ ਦਾ ਗ੍ਰਾਫ ਲਗਾਤਾਰ ਉੱਪਰ ਵੱਲ ਜਾ ਰਿਹਾ ਸੀ ਪਰ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਇਲਜ਼ਾਮ ਲਗਾ ਕੇ ਬਾਹਰ ਕੱਢਿਆ ਗਿਆ ਤਾਂ ਇਸ ਚੀਜ਼ ਦਾ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ। ਹਾਲਾਂਕਿ ਉਨ੍ਹਾਂ ਨੇ ਸੁੱਚਾ ਸਿੰਘ ‘ਤੇ ਲੱਗੇ ਇਲਜ਼ਾਮਾਂ ਨੂੰ ਸਹੀ ਜਾਂ ਗਲਤ ਨਹੀਂ ਠਹਿਰਾਇਆ। ਡਾ. ਬਲਬੀਰ ਸਿੰਘ ਅਨੁਸਾਰ ਉਹ ਸਮਾਂ ਅਜਿਹਾ ਫੈਸਲਾ ਲੈਣ ਲਈ ਠੀਕ ਨਹੀਂ ਸੀ ਤੇ ਉਸ ਦਾ ਪਾਰਟੀ ਨੂੰ ਖਾਮਿਆਜ਼ਾ ਵੀ ਭੁਗਤਨਾ ਪਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਬਣਦੀ ਰਹਿ ਗਈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੀਆਂ ਅਜਿਹੀਆਂ ਗਲਤੀਆਂ ਜਿਵੇਂ ਛੋਟੇਪੁਰ ਨੂੰ ਕੱਢਣਾ ਅਤੇ ਸਹੀ ਉਮੀਦਵਾਰ ਨਾ ਦੇ ਪਾਉਣਾ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ।