ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ‘ਚ ਹੋਈ ਇੱਕ ਸੜਕ ਦੁਰਘਟਨਾ ‘ਚ ਮਾਰੇ ਗਏ ਦੋ ਲੋਕਾਂ ‘ਚ ਇੱਕ ਭਾਰਤੀ ਡੈਂਟਿਸਟ ਵੀ ਸ਼ਾਮਲ ਸੀ। 32 ਸਾਲਾ ਡੈਂਟਿਸਟ ਡਾ. ਅਰਸ਼ਦ ਮੁਹੰਮਦ ਅਮਰੀਕਾ ਵਿੱਚ ਉਚੇਰੀ ਮੈਡੀਕਲ ਸਿੱਖਿਆ ਹਾਸਲ ਕਰ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਵੈਟਰਨਜ਼ ਮੈਮੋਰੀਅਲ ਟੌਲਵੇਅ ਉੱਤੇ ਗ਼ਲਤ ਪਾਸਿਓਂ ਆ ਰਹੀ ਨੀਲੇ ਰੰਗ ਦੀ ਇੱਕ ਵੌਕਸਵੈਗਨ ਨੇ ਡਾ. ਅਰਸ਼ਦ ਦੀ ਕਾਲੇ ਰੰਗ ਦੀ ਹੌਂਡਾ ਕਾਰ ਨੂੰ ਟੱਕਰ ਮਾਰ ਦਿੱਤੀ।
ਵੌਕਸਵੈਗਨ ਦੇ ਡਰਾਇਵਰ ਦੀ ਸ਼ਨਾਖ਼ਤ 36 ਸਾਲਾ ਰਾਬਰਟ ਵੇਲਾਜ਼ਕੋ ਨਿਵਾਸੀ ਹੈਮੰਡ ਵਜੋਂ ਹੋਈ ਹੈ। ਉਹ ਵੀ ਇਸ ਹਾਦਸੇ ਵਿੱਚ ਮਾਰਿਆ ਗਿਆ। ਇਸ ਹਾਦਸੇ ’ਚ ਚਿੱਟੇ ਰੰਗ ਦਾ ਫ਼ੌਰਡ ਬੌਕਸ ਟਰੱਕ ਤੇ ਸਿਲਵਰ ਰੰਗ ਦਾ ਸੁਬਾਰੂ ਵਾਹਨ ਵੀ ਉਨ੍ਹਾਂ ਵਿੱਚ ਆ ਕੇ ਟਕਰਾ ਗਏ; ਜਿਸ ਕਾਰਨ ਤਿੰਨ ਜਣੇ ਹੋਰ ਜ਼ਖ਼ਮੀ ਹੋ ਗਏ। ਹਾਲੇ ਇਹ ਸਮਝ ਨਹੀਂ ਪਈ ਕਿ ਵੌਕਸਵੈਗਨ ਦਾ ਡਰਾਇਵਰ ਗ਼ਲਤ ਪਾਸੇ ਕਿਉਂ ਆ ਰਿਹਾ ਸੀ।
ਡਾ. ਅਰਸ਼ਦ ਇਸ ਵੇਲੇ ਯੂਆਈਸੀ ਵਿਖੇ ਆਰਥੋਡੌ਼ਟਿਕਸ ਦਾ ਰੈਜ਼ੀਡੈਂਟ ਸੀ ਤੇ ਉਹ ਆਰਥੋਡੌਂਟਿਕਸ ਵਿੱਚ ਐਡਵਾਂਸਡ ਸਰਟੀਫ਼ਿਕੇਟ ਅਤੇ ਓਰਲ ਸਾਇੰਸਜ਼ ਵਿੱਚ ਸਾਇੰਸ ਦੀ ਪੋਸਟ–ਗ੍ਰੈਜੂਏਸ਼ਨ ਲਈ ਪੜ੍ਹ ਰਿਹਾ ਸੀ। ਉਸ ਨੇ 2018 ’ਚ ਸ਼ਿਕਾਗੋ ਸਥਿਤ ਯੂਨੀਵਰਸਿਟੀ ਆਫ਼ ਇਲੀਨੋਇ ਤੋਂ ਗ੍ਰੈਜੂਏਸ਼ਨ ਕੀਤੀ ਸੀ।