ਚੰਡੀਗੜ੍ਹ: ਭਾਰਤੀ ਨਦੀਆਂ ਦਾ ਪਾਣੀ ਪਾਕਿਸਤਾਨ ‘ਚ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਰਾਵੀ-ਉੱਜ ਨਦੀਆਂ ਦੇ ਸੰਗਮ ‘ਤੇ ਮਕੋਰਾ ਪੱਤਰ ਡੈਮ ਬਣਾਉਣ ਲਈ ਕੇਂਦਰ ਤੋਂ 412 ਕਰੋੜ ਰੁਪਏ ਮੰਗੇ ਹਨ। ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਪੰਜਾਬ ਦੇ ਦੋ ਮੰਤਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਕੰਮ ਲਈ 7 ਕਿਲੋਮੀਟਰ ਲੰਮਾ ਚੈਨਲ ਬਣਾ ਕੇ ਪਾਣੀ ਨੂੰ ਕਲਾਂਪੁਰ-ਰਾਮਦਾਸ ਪ੍ਰਣਾਲੀ ਵੱਲ ਮੋੜਿਆ ਜਾਏਗਾ। ਇਸ ਨਾਲ ਸੀਮਾਂਤ ਇਲਾਕੇ ਦੇ 100 ਪਿੰਡਾਂ ਦੀ ਇੱਕ ਲੱਖ ਏਕੜ ਜ਼ਮੀਨ ਦੀ ਸਿੰਜਾਈ ਵਿੱਚ ਫਾਇਦਾ ਮਿਲੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਬੀਤੀ 21 ਫਰਵਰੀ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਾਕਿਸਤਾਨ ਨੂੰ ਜਾਂਦੇ ਪਾਣੀ ਨੂੰ ਰੋਕਣ ਦੇ ਫੈਸਲੇ ਸਬੰਧੀ ਇੱਕ ਟਵੀਟ ਕੀਤਾ ਸੀ। ਇਸ ਦੇ ਬਾਅਦ ਪੰਜਾਬ ਦੇ ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਕਿਹਾ ਸੀ ਕਿ ਰਾਵੀ ਦਰਿਆ ’ਤੇ ਸ਼ਾਹਪੁਰ ਕੰਡੀ ਡੈਮ ਬਣਾਉਣ ਦੇ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਇਸੇ ਸਬੰਧੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਹੋਰ ਦਿੱਲੀ ਵਿੱਚ ਨਿਤਿਨ ਗਡਕਰੀ ਨੂੰ ਮਿਲਣ ਪੁੱਜੇ ਸਨ। 7 ਕਿਲੋਮੀਟਰ ਲੰਮਾ ਚੈਨਲ ਬਣਾਉਣ ਦੀ ਗੱਲ ਕਰਦਿਆਂ ਦੋਵਾਂ ਮੰਤਰੀਆਂ ਨੇ ਨਿਤਨ ਗਡਕਰੀ ਕੋਲ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਯੋਜਨਾ ਦੇ ਰੂਪ ਵਿੱਚ ਮਾਨਤਾ ਦੇਣ ਦੀ ਮੰਗ ਰੱਖੀ। ਦੱਸਿਆ ਜਾ ਰਿਹਾ ਹੈ ਕਿ ਗਡਕਰੀ ਨੇ ਇਸ ਯੋਜਨਾ ਨੂੰ ਸੰਵਿਧਾਨਕ ਸਹਿਮਤੀ ਦੇ ਦਿੱਤੀ ਹੈ ਅਤੇ ਸੂਬਾ ਸਰਕਾਰ ਨੂੰ ਰਿਪੋਰਟ ਬਣਾਉਣ ਨੂੰ ਕਿਹਾ ਹੈ।