ਓਟਵਾ: ਐਨਡੀਪੀ ਦੇ ਸਾਬਕਾ ਵਿਦੇਸ਼ੀ ਮਾਮਲਿਆਂ ਬਾਰੇ ਕ੍ਰਿਟਿਕ ਤੇ ਓਟਵਾ ਤੋਂ ਅਧਿਆਪਕ ਤੇ ਯੂਨੀਅਨ ਆਗੂ ਪਾਲ ਡੇਵਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਪਾਲ ਇੱਕ ਸਾਲ ਤੋਂ ਬ੍ਰੇਨ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ।
ਡੇਵਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਉਨ੍ਹਾਂ ਦੇ ਆਖਰੀ ਸੁਨੇਹੇ ਨੂੰ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਅਸਲ ਤਬਦੀਲੀ ਉਦੋਂ ਆ ਸਕਦੀ ਹੈ ਜਦੋਂ ਸੱਤਾ ਨੌਜਵਾਨਾਂ ਦੇ ‘ਚ ਹੱਥ ਸੌਂਪੀ ਜਾਵੇ। ਉਨ੍ਹਾਂ ਨੇ ਲਿਖਿਆ ਹੈ ਕਿ ਯੂਥ ਐਕਸ਼ਨ ਸਿਰਜਣ ਲਈ ਜਿੰਨੀ ਵੀ ਊਰਜਾ ਉਨ੍ਹਾਂ ਵਿੱਚ ਇਸ ਸਾਲ ਬਚੀ ਸੀ ਉਨ੍ਹਾਂ ਉਹ ਲਾ ਦਿੱਤੀ ਹੈ। ਅਸਲੀ ਫਰਕ ਲਿਆਉਣ ਲਈ ਸਾਡੀ ਕਮਿਊਨਿਟੀ ਦੇ ਨੌਜਵਾਨਾਂ ਹੱਥ ਸੱਤਾ ਸੌਂਪਣੀ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਸਭਨਾ ਨੂੰ ਖੁਸ਼ੀ ਹੋਵੇਗੀ ਤੇ ਉਨ੍ਹਾਂ ਦਾ ਕੰਮ ਜਾਰੀ ਰਹਿ ਸਕੇਗਾ।
https://www.facebook.com/pauldewarcanada/posts/10157098538509433
ਸਿਆਸਤ ਵਿੱਚ ਕਦਮ ਰੱਖਦਿਆਂ ਹੀ ਪਾਲ ਨੂੰ ਐੱਡ ਬ੍ਰੌਡਬੈਂਟ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ , 2015 ਦੀ ਲਿਬਰਲਾਂ ਦੀ ਚੜ੍ਹਾਈ ਦੌਰਾਨ ਆਪਣੀ ਹਾਊਸ ਆਫ ਕਾਮਨਜ਼ ਦੀ ਸੀਟ ਦਾ ਬਚਾਅ ਨਾ ਕਰ ਸਕੇ ਉਸੇ ਦੌਰਾਨ ਉਨ੍ਹਾਂ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਿਆ।
ਡੇਵਰ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਜੂਲੀਆ ਸਨੇਅਡ ਤੇ ਉਨ੍ਹਾਂ ਦੇ ਦੋ ਲੜਕੇ ਨਥਾਨੀਅਲ ਤੇ ਜੌਰਡਨ ਰਹਿ ਗਏ ਹਨ। ਐਨਡੀਪੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਜਦੋਂ ਘਰ ਵਿੱਚ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਕੋਲ ਹੀ ਸੀ।