National News : ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਜੇਕਰ ਤੁਸੀਂ ਵੀ ਸਰਕਾਰੀ ਪੈਨਸ਼ਨ ਲੈਂਦੇ ਹੋ ਅਤੇ ਹਰ ਸਾਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਬੈਂਕਾਂ ਦੇ ਚੱਕਰ ਲਗਾਉਂਦੇ ਹੋ ਤਾਂ ਹੁਣ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਪਵੇਗੀ। ਕਿਉਂਕਿ ਹੁਣ ਤੁਸੀਂ ਘਰ ਬੈਠੇ ਆਪਣੇ ਸਮਾਰਟਫੋਨ ਨਾਲ ਸਿਰਫ਼ ਚਿਹਰਾ ਸਕੈਨ ਕਰਵਾ ਕੇ ਡਿਜੀਟਲ ਲਾਈਫ ਸਰਟੀਫਿਕੇਟ ਬਣਵਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਲਈ ਕਿਸੇ ਫਿੰਗਰਪ੍ਰਿੰਟ ਮਸ਼ੀਨ ਦੀ ਵੀ ਲੋੜ ਨਹੀਂ ਹੈ। ਦਰਅਸਲ, ਸਰਕਾਰ ਦੀ ਜੀਵਨ ਪ੍ਰਮਾਣ ਯੋਜਨਾ ਤਹਿਤ ਆਧਾਰ ਫੇਸ ਆਥੈਂਟੀਕੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਇਸ ਨਾਲ ਬਜ਼ੁਰਗ, ਬਿਮਾਰ ਅਤੇ ਦਿਵਿਆਂਗ ਪੈਨਸ਼ਨਰ ਘਰ ਬੈਠੇ ਆਪਣੀ ਪਛਾਣ ਦੀ ਪੁਸ਼ਟੀ ਕਰਵਾ ਸਕਦੇ ਹਨ। ਸਰਕਾਰ ਵੱਲੋਂ 1 ਤੋਂ 30 ਨਵੰਬਰ 2026 ਤੱਕ ਪੰਜਵੀਂ ਦੇਸ਼ਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਾਰ 2 ਕਰੋੜ 30 ਲੱਖ ਸਰਟੀਫਿਕੇਟ ਬਣਾਉਣ ਦਾ ਟੀਚਾ ਹੈ, ਜਿਨ੍ਹਾਂ ਵਿੱਚੋਂ ਡੇਢ ਕਰੋੜ ਫੇਸ ਆਥੈਂਟੀਕੇਸ਼ਨ ਰਾਹੀਂ ਬਣਾਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ
ਹੁਣ ਜਾਣ ਲੈਂਦੇ ਹਾਂ ਕਿ ਇਹ ਸਰਟੀਫਿਕੇਟ ਬਣਾਉਣ ਦਾ ਤਰੀਕਾ ਕੀ ਹੈ।
ਸਭ ਤੋਂ ਪਹਿਲਾਂ ਆਪਣੇ ਮੋਬਾਈਲ ਵਿੱਚ ਜੀਵਨ ਪ੍ਰਮਾਣ ਅਤੇ ਆਧਾਰ ਫੇਸ ਆਰਡੀ ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਆਧਾਰ ਨੰਬਰ, ਨਾਮ, ਮੋਬਾਈਲ ਨੰਬਰ, ਪੀਪੀਓ ਨੰਬਰ, ਬੈਂਕ ਖਾਤੇ ਅਤੇ ਪੈਨਸ਼ਨ ਨਾਲ ਸਬੰਧਤ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਸਹਿਮਤੀ ਦੇ ਕੇ ਮੋਬਾਈਲ ਦੇ ਫਰੰਟ ਕੈਮਰੇ ਰਾਹੀਂ ਆਪਣਾ ਲਾਈਵ ਫੇਸ ਸਕੈਨ ਕਰਵਾਉਣਾ ਹੋਵੇਗਾ। ਪਛਾਣ ਦੀ ਪੁਸ਼ਟੀ ਸਫ਼ਲ ਹੋਣ ‘ਤੇ ਤੁਹਾਡਾ ਡਿਜੀਟਲ ਲਾਈਫ ਸਰਟੀਫਿਕੇਟ ਬਣ ਜਾਵੇਗਾ ਅਤੇ ਮੋਬਾਈਲ ‘ਤੇ ਇੱਕ ਯੂਨੀਕ ਪ੍ਰਮਾਣ ਆਈਡੀ ਮਿਲੇਗੀ। ਇਹ ਸਰਟੀਫਿਕੇਟ ਸਬੰਧਤ ਪੈਨਸ਼ਨ ਸੰਸਥਾ ਤੱਕ ਡਿਜੀਟਲ ਤਰੀਕੇ ਨਾਲ ਪਹੁੰਚ ਜਾਂਦਾ ਹੈ। ਪਰ ਇੱਥੇ ਇੱਕ ਗੱਲ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ। ਸਰਟੀਫਿਕੇਟ ਬਣਾਉਂਦੇ ਸਮੇਂ ਗਲਤ ਪੀਪੀਓ ਨੰਬਰ, ਬੈਂਕ ਖਾਤਾ ਜਾਂ ਪੈਨਸ਼ਨ ਜਾਰੀ ਕਰਨ ਵਾਲੀ ਸੰਸਥਾ ਦੀ ਚੋਣ ਕਰਨ ਨਾਲ ਸਰਟੀਫਿਕੇਟ ਅਪਡੇਟ ਹੋਣ ਵਿੱਚ ਦਿੱਕਤ ਆ ਸਕਦੀ ਹੈ। ਇਸ ਲਈ ਸਰਟੀਫਿਕੇਟ ਬਣਨ ਤੋਂ ਬਾਅਦ ਆਪਣੀ ਪ੍ਰਮਾਣ ਆਈਡੀ ਸੰਭਾਲ ਕੇ ਰੱਖੋ ਅਤੇ ਇਹ ਵੀ ਚੈੱਕ ਕਰੋ ਕਿ ਸਬੰਧਤ ਬੈਂਕ ਜਾਂ ਵਿਭਾਗ ਨੇ ਇਸ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਲੋਕਾਂ ਲਈ ਮਹਿੰਗਾਈ ਦਾ ਝਟਕਾ, 4 ਦਿਨਾਂ ਬਾਅਦ ਫਿਰ ਵਧੀਆਂ ਦੁੱਧ ਦੀਆਂ ਕੀਮਤਾਂ, ਜਾਣੋ ਅੱਜ ਦੇ ਨਵੇਂ ਰੇਟ!
ਹੁਣ ਜੇਕਰ ਕਿਸੇ ਬਜ਼ੁਰਗ ਕੋਲ ਸਮਾਰਟਫੋਨ ਨਹੀਂ ਹੈ ਜਾਂ ਫੇਸ ਸਕੈਨ ਨਹੀਂ ਹੋ ਰਿਹਾ ਤਾਂ ਉਹ ਨਜ਼ਦੀਕੀ ਬੈਂਕ, ਡਾਕਘਰ ਜਾਂ CSC ਸੈਂਟਰ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਡੀਆ ਪੋਸਟ ਪੇਮੈਂਟਸ ਬੈਂਕ ਰਾਹੀਂ ਡਾਕੀਏ ਨੂੰ ਘਰ ਬੁਲਾ ਕੇ ਵੀ ਡਿਜੀਟਲ ਲਾਈਫ ਸਰਟੀਫਿਕੇਟ ਬਣਵਾਇਆ ਜਾ ਸਕਦਾ ਹੈ। ਇਸ ਸੇਵਾ ਲਈ ਆਮ ਤੌਰ ‘ਤੇ 70 ਰੁਪਏ ਫੀਸ ਹੈ, ਜਦਕਿ EPS-95 ਪੈਨਸ਼ਨਰਾਂ ਲਈ EPFO ਦੀ ਡੋਰਸਟੈਪ ਸੇਵਾ ਮੁਫ਼ਤ ਹੈ। ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਡਿਜੀਟਲ ਲਾਈਫ ਸਰਟੀਫਿਕੇਟ ਲਾਜ਼ਮੀ ਨਹੀਂ ਹੈ। ਪੈਨਸ਼ਨਰ ਪਹਿਲਾਂ ਵਾਂਗ ਫਿਜ਼ੀਕਲ ਸਰਟੀਫਿਕੇਟ ਵੀ ਜਮ੍ਹਾਂ ਕਰਵਾ ਸਕਦੇ ਹਨ। ਇਸ ਲਈ ਪੈਨਸ਼ਨਰਾਂ ਨੂੰ ਸਲਾਹ ਹੈ ਕਿ ਆਪਣੀ ਪੈਨਸ਼ਨ ਜਾਰੀ ਰੱਖਣ ਲਈ ਸਮੇਂ ਸਿਰ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਓ ਅਤੇ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ ਆਧਾਰ ਨੰਬਰ ਜਾਂ OTP ਸਾਂਝਾ ਨਾ ਕਰੋ।
