Canada News : ਕੈਨੇਡਾ ਵਿੱਚ ਜੇਕਰ ਤੁਸੀਂ ਵੀ ਪੂਰਾ ਹਫ਼ਤਾ ਮਿਹਨਤ ਕਰਦੇ ਹੋ, ਹਰ ਰੋਜ਼ 8-8 ਘੰਟੇ ਨੌਕਰੀ ਕਰਦੇ ਹੋ, ਪਰ ਮਹੀਨੇ ਦੇ ਅਖੀਰ ਵਿੱਚ ਖਾਤਾ ਖਾਲੀ ਹੋ ਜਾਂਦਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੈਨੇਡਾ ਵਿੱਚ ਹੁਣ ਸਿਰਫ਼ ਨੌਕਰੀ ਮਿਲਣਾ ਹੀ ਕਾਫ਼ੀ ਨਹੀਂ ਰਿਹਾ, ਸਗੋਂ ਨੌਕਰੀ ਤੋਂ ਹੋਣ ਵਾਲੀ ਕਮਾਈ ਨਾਲ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਨਾ ਵੀ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਘਰ ਦਾ ਕਿਰਾਇਆ, ਕਰਿਆਨੇ ਦਾ ਸਮਾਨ, ਬਿਜਲੀ ਦੇ ਬਿੱਲ, ਕਾਰ ਦਾ ਖ਼ਰਚਾ ਅਤੇ ਬੱਚਿਆਂ ਦੀ ਦੇਖਭਾਲ… ਹਰ ਪਾਸੇ ਵਧਦੇ ਖ਼ਰਚਿਆਂ ਨੇ ਆਮ ਲੋਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਹੁਣ ਕੈਨੇਡਾ ਵਿੱਚ Minimum Wage ਯਾਨੀ ਘੱਟੋ-ਘੱਟ ਤਨਖ਼ਾਹ ਅਤੇ Living Wage ਯਾਨੀ ਇੱਜ਼ਤ ਨਾਲ ਜੀਵਨ ਬਸਰ ਕਰਨ ਲਈ ਲੋੜੀਂਦੀ ਕਮਾਈ ਵਿਚਕਾਰ ਵੱਡਾ ਅੰਤਰ ਸਾਹਮਣੇ ਆਇਆ ਹੈ। CBC ਦੀ 14 ਨਵੰਬਰ ਦੀ ਰਿਪੋਰਟ ਮੁਤਾਬਕ, 59 ਸ਼ਹਿਰਾਂ ਅਤੇ ਖੇਤਰਾਂ ਦੇ ਅੰਕੜਿਆਂ ਦੀ ਸਮੀਖਿਆ ਵਿੱਚ ਕਿਸੇ ਵੀ ਖੇਤਰ ਦੀ ਘੱਟੋ-ਘੱਟ ਸੂਬਾਈ ਤਨਖ਼ਾਹ ਉੱਥੋਂ ਦੀ Living Wage ਦੇ ਬਰਾਬਰ ਨਹੀਂ ਪਾਈ ਗਈ।
ਇਹ ਵੀ ਪੜ੍ਹੌ : H-1B ਵੀਜ਼ਾ ਅਤੇ ਗ੍ਰੀਨ ਕਾਰਡ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਸਖ਼ਤ! ਭਾਰਤੀ IT ਕੰਪਨੀਆਂ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ!
ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਘੱਟੋ-ਘੱਟ ਘੰਟਾਵਾਰੀ ਤਨਖ਼ਾਹ ਕਿੰਨੀ ਹੈ। ਨਵੰਬਰ 2026 ਦੇ ਅੰਕੜਿਆਂ ਮੁਤਾਬਕ ਅਲਬਰਟਾ ਵਿੱਚ ਘੱਟੋ-ਘੱਟ ਤਨਖ਼ਾਹ 15 ਡਾਲਰ, ਸਸਕੈਚਵਨ ਵਿੱਚ 15 ਡਾਲਰ 70 ਸੈਂਟ, ਮੈਨੀਟੋਬਾ ਵਿੱਚ 16 ਡਾਲਰ 40 ਸੈਂਟ ਅਤੇ ਓਨਟਾਰੀਓ ਵਿੱਚ 17 ਡਾਲਰ 95 ਸੈਂਟ ਪ੍ਰਤੀ ਘੰਟਾ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਵਿੱਚ 18 ਡਾਲਰ 25 ਸੈਂਟ ਅਤੇ ਨੂਨਾਵੁਟ ਵਿੱਚ 20 ਡਾਲਰ 17 ਸੈਂਟ ਪ੍ਰਤੀ ਘੰਟਾ ਘੱਟੋ-ਘੱਟ ਤਨਖ਼ਾਹ ਹੈ। ਜਦਕਿ ਫੈਡਰਲ ਘੱਟੋ-ਘੱਟ ਤਨਖ਼ਾਹ 18 ਡਾਲਰ 15 ਸੈਂਟ ਹੈ, ਜੋ ਫੈਡਰਲ ਅਧਿਕਾਰ ਖੇਤਰ ਅਧੀਨ ਆਉਣ ਵਾਲੀਆਂ ਨੌਕਰੀਆਂ ‘ਤੇ ਲਾਗੂ ਹੁੰਦੀ ਹੈ। ਹੁਣ ਗੱਲ ਕਰਦੇ ਹਾਂ Living Wage ਦੀ, ਯਾਨੀ ਇੱਕ ਵਿਅਕਤੀ ਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਕਿੰਨੀ ਕਮਾਈ ਦੀ ਲੋੜ ਹੈ। ਅਲਬਰਟਾ ਦੀਆਂ ਉਦਾਹਰਣਾਂ ਦੇਖੀਏ ਤਾਂ ਕੈਲਗਰੀ ਵਿੱਚ Living Wage 26 ਡਾਲਰ 90 ਸੈਂਟ, ਬੈਨਫ ਵਿੱਚ 27 ਡਾਲਰ 45 ਸੈਂਟ ਅਤੇ ਐਡਮੰਟਨ ਵਿੱਚ 22 ਡਾਲਰ 65 ਸੈਂਟ ਪ੍ਰਤੀ ਘੰਟਾ ਦੱਸੀ ਗਈ ਹੈ। ਉੱਥੇ ਹੀ ਟੋਰਾਂਟੋ ਵਿੱਚ ਇਹ ਅੰਕੜਾ 27 ਡਾਲਰ 60 ਸੈਂਟ ਪ੍ਰਤੀ ਘੰਟਾ ਹੈ। ਯਾਨੀ ਕਈ ਸ਼ਹਿਰਾਂ ਵਿੱਚ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੀ ਕਮਾਈ ਸੂਬੇ ਦੀ ਘੱਟੋ-ਘੱਟ ਤਨਖ਼ਾਹ ਨਾਲੋਂ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੌ : ਮੁੱਖ ਮੰਤਰੀ ਭਗਵੰਤ ਮਾਨ ਨੇ ਤੀਰਥ ਯਾਤਰਾ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਅਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ।
ਇਸ ਮਹਿੰਗਾਈ ਦਾ ਅਸਰ ਸਿਰਫ਼ ਆਮ ਨੌਕਰੀਪੇਸ਼ਾ ਲੋਕਾਂ ‘ਤੇ ਹੀ ਨਹੀਂ, ਸਗੋਂ ਟਰੱਕਿੰਗ ਇੰਡਸਟਰੀ ਨਾਲ ਜੁੜੇ ਲੋਕਾਂ ‘ਤੇ ਵੀ ਪੈ ਰਿਹਾ ਹੈ। ਇਸ ਖੇਤਰ ਨਾਲ ਜੁੜੇ ਲੋਕਾਂ ਮੁਤਾਬਕ ਡੀਜ਼ਲ, ਬੀਮਾ, ਟਰੱਕਾਂ ਦੀ ਮੁਰੰਮਤ ਅਤੇ ਹੋਰ ਕਾਰੋਬਾਰੀ ਖ਼ਰਚੇ ਵਧੇ ਹਨ, ਪਰ ਆਮਦਨ ਵਿੱਚ ਉਸ ਅਨੁਪਾਤ ਨਾਲ ਵਾਧਾ ਨਹੀਂ ਹੋਇਆ। ਇਸ ਤੋਂ ਇਲਾਵਾ ਘੱਟ ਭੁਗਤਾਨ ਅਤੇ ਤਨਖ਼ਾਹ ਸਮੇਂ ਸਿਰ ਨਾ ਮਿਲਣ ਵਰਗੀਆਂ ਸਮੱਸਿਆਵਾਂ ਵੀ ਕਾਮਿਆਂ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਹਾਲਾਤ ਇਹ ਬਣ ਰਹੇ ਹਨ ਕਿ ਕਈ ਪਰਿਵਾਰਾਂ ਨੂੰ ਘਰ ਦਾ ਬਜਟ ਚਲਾਉਣ ਲਈ ਦੂਜੀ ਨੌਕਰੀ ਜਾਂ ਵਾਧੂ ਕੰਮ ਦੇ ਘੰਟਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕਈ ਵਾਰ ਕਿਰਾਇਆ, ਬੱਚਿਆਂ ਦੀ ਦੇਖਭਾਲ ਅਤੇ ਖਾਣ-ਪੀਣ ਵਰਗੀਆਂ ਬੁਨਿਆਦੀ ਲੋੜਾਂ ਵਿੱਚੋਂ ਕਿਸੇ ਇੱਕ ਖ਼ਰਚੇ ਨੂੰ ਤਰਜੀਹ ਦੇਣੀ ਪੈਂਦੀ ਹੈ। ਮਾਹਿਰਾਂ ਅਨੁਸਾਰ ਘੱਟੋ-ਘੱਟ ਤਨਖ਼ਾਹ ਨੂੰ ਜੀਵਨ ਦੀ ਅਸਲ ਲਾਗਤ ਦੇ ਮੁਤਾਬਕ ਬਣਾਉਣ ਦੀ ਲੋੜ ਹੈ। ਕੁੱਲ ਮਿਲਾ ਕੇ ਕੈਨੇਡਾ ਵਿੱਚ ਰਹਿਣ ਵਾਲੇ ਮਿਹਨਤਕਸ਼ ਲੋਕਾਂ ਲਈ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਉਨ੍ਹਾਂ ਦੀ ਤਨਖ਼ਾਹ ਉਨ੍ਹਾਂ ਦੇ ਵਧਦੇ ਖ਼ਰਚਿਆਂ ਦਾ ਮੁਕਾਬਲਾ ਕਰ ਸਕੇਗੀ ਜਾਂ ਨਹੀਂ? ਕਿਉਂਕਿ ਸਿਰਫ਼ ਰੁਜ਼ਗਾਰ ਹੋਣਾ ਹੀ ਕਾਫ਼ੀ ਨਹੀਂ, ਸਗੋਂ ਉਸ ਰੁਜ਼ਗਾਰ ਤੋਂ ਹੋਣ ਵਾਲੀ ਕਮਾਈ ਨਾਲ ਇੱਜ਼ਤ ਨਾਲ ਜੀਵਨ ਬਸਰ ਕਰ ਸਕਣਾ ਵੀ ਓਨਾ ਹੀ ਜ਼ਰੂਰੀ ਹੈ।

