ਭਾਰਤ ‘ਚ ਗਰੀਬੀ ‘ਚ ਇਤਿਹਾਸਕ ਗਿਰਾਵਟ, PM ਮੋਦੀ ਨੇ ਸਾਂਝੀ ਕੀਤੀ ਵਿਸ਼ਵ ਬੈਂਕ ਦੀ ਰਿਪੋਰਟ

raajan tiwari
3 Min Read

ਸੰਸਾਰ ਨਿਊਜ਼  : ਭਾਰਤ ‘ਚ ਗਰੀਬੀ ਨੂੰ ਲੈ ਕੇ ਵਿਸ਼ਵ ਬੈਂਕ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਦੇਸ਼ ‘ਚ ਗਰੀਬੀ ਘਟਣ ਦੇ ਅੰਕੜਿਆਂ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਰਿਪੋਰਟ ਨੂੰ ਸਾਂਝਾ ਕਰਦਿਆਂ ਇਸ ਨੂੰ ਭਾਰਤ ਲਈ ਇਤਿਹਾਸਕ ਉਪਲਬਧੀ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰੀਬੀ ਦੂਰ ਕਰਨਾ ਉਨ੍ਹਾਂ ਦੀ ਸਰਕਾਰ ਲਈ ਸਿਰਫ਼ ਨਾਅਰਾ ਨਹੀਂ, ਸਗੋਂ ਇਕ ਦ੍ਰਿੜ ਸੰਕਲਪ ਰਿਹਾ ਹੈ। ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ, ਜਿਸ ‘ਚ ਵਿਸ਼ਵ ਬੈਂਕ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ। ਮੋਦੀ ਨੇ ਕਿਹਾ ਕਿ ਸਾਲ 2011 ਤੋਂ 2023 ਦੇ ਵਿਚਕਾਰ ਭਾਰਤ ‘ਚ 49 ਕਰੋੜ 60 ਲੱਖ ਲੋਕ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਨੇ ਕਾਂਗਰਸ ਦੀ ਪੁਰਾਣੀ ‘ਗਰੀਬੀ ਹਟਾਓ’ ਮੁਹਿੰਮ ‘ਤੇ ਵੀ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬੀ ਖ਼ਤਮ ਕਰਨ ਨੂੰ ਜ਼ਮੀਨੀ ਪੱਧਰ ‘ਤੇ ਤਰਜੀਹ ਦਿੱਤੀ ਹੈ।

 

ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ, ਭਾਰਤ ‘ਚ ਬੇਹੱਦ ਗਰੀਬੀ ਦੀ ਦਰ ਸਾਲ 2011 ‘ਚ 27.1 ਫ਼ੀਸਦੀ ਸੀ, ਜੋ ਸਾਲ 2023 ਤੱਕ ਘਟ ਕੇ ਸਿਰਫ਼ 2.6 ਫ਼ੀਸਦੀ ਰਹਿ ਗਈ। ਇਸ ਤੋਂ ਇਲਾਵਾ, ਪਿਛਲੇ ਕੁਝ ਸਾਲਾਂ ਦੌਰਾਨ ਰੁਜ਼ਗਾਰ ਦੇ ਮੌਕਿਆਂ ‘ਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੁਤਾਬਕ, ਸਿਰਫ਼ 6 ਸਾਲਾਂ ਦੇ ਅੰਦਰ 13 ਕਰੋੜ 40 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਰਿਪੋਰਟ ‘ਚ ਆਰਥਿਕ ਅਸਮਾਨਤਾ ਘਟਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮੋਦੀ ਨੇ ਦਾਅਵਾ ਕੀਤਾ ਕਿ ਦੇਸ਼ ਦਾ ਗਿਨੀ ਸੂਚਕਾਂਕ 20 ਫ਼ੀਸਦੀ ਤੋਂ ਵੱਧ ਘਟ ਕੇ 23 ਅੰਕ ‘ਤੇ ਆ ਗਿਆ ਹੈ। ਵਿਸ਼ਵ ਬੈਂਕ ਦੀ ਅਕਤੂਬਰ 2026 ਦੀ ‘ਇੰਡੀਆ ਪੋਵਰਟੀ ਐਂਡ ਇਕੁਇਟੀ ਬ੍ਰੀਫ’ ਰਿਪੋਰਟ ਮੁਤਾਬਕ, ਭਾਰਤ ਨੇ ਪਿਛਲੇ ਦਹਾਕੇ ਦੌਰਾਨ ਗਰੀਬੀ ਘਟਾਉਣ ਦੇ ਨਾਲ-ਨਾਲ ਲੋਕਾਂ ਦੇ ਜੀਵਨ ਪੱਧਰ ਅਤੇ ਆਰਥਿਕ ਮੌਕਿਆਂ ‘ਚ ਸੁਧਾਰ ਕਰਨ ਵੱਲ ਵੀ ਮਹੱਤਵਪੂਰਨ ਤਰੱਕੀ ਕੀਤੀ ਹੈ।

 

Share This Article
2 Comments