ਚੰਡੀਗੜ੍ਹ : ਚੰਡੀਗੜ੍ਹ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਨਸ਼ਿਆਂ ਦੇ ਮੁੱਦੇ ਤੱਕ ਕਈ ਵੱਡੇ ਬਿਆਨ ਦਿੱਤੇ ਹਨ। ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ 31 ਦਸੰਬਰ 2029 ਤੱਕ ਪੰਜਾਬ ਸਮੇਤ ਪੂਰੇ ਦੇਸ਼ ਨੂੰ ਨਸ਼ਾ-ਮੁਕਤ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਰਾਹੁਲ ਗਾਂਧੀ ‘ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ। ਸ਼ਾਹ ਨੇ ਕਿਹਾ ਕਿ ਦੇਸ਼ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਕਿ ਕੌਣ ਦੇਸ਼ ਨੂੰ ਵਿਕਸਤ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਕੰਮਾਂ ਦਾ ਹਿਸਾਬ 2029 ਦੀਆਂ ਚੋਣਾਂ ਵਿੱਚ ਜਨਤਾ ਦੇਵੇਗੀ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਵਿਕਾਸ ਲਈ 258 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਰਾਏਪੁਰ ਕਲਾਂ ਵਿਖੇ 68 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਅੰਤਰਰਾਜੀ ਬੱਸ ਡਿਪੋ ਅਤੇ ਪੁਲਸ ਮੁਲਾਜ਼ਮਾਂ ਲਈ 192 ਟਾਈਪ-3 ਰਿਹਾਇਸ਼ੀ ਮਕਾਨ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਭਾਰਤ ‘ਚ ਗਰੀਬੀ ‘ਚ ਇਤਿਹਾਸਕ ਗਿਰਾਵਟ, PM ਮੋਦੀ ਨੇ ਸਾਂਝੀ ਕੀਤੀ ਵਿਸ਼ਵ ਬੈਂਕ ਦੀ ਰਿਪੋਰਟ
ਔਰਤਾਂ ਦੇ ਸਿਆਸੀ ਸਸ਼ਕਤੀਕਰਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਦਿਸ਼ਾ ਵਿੱਚ ਵੀ ਸਰਕਾਰ ਕੰਮ ਕਰੇਗੀ।ਉੱਧਰ, 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਵੱਲੋਂ ਦਿੱਲੀ ਵਿੱਚ ਕਰਵਾਏ ਜਾ ਰਹੇ ਸਮਾਗਮ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ 1 ਅਤੇ 2 ਨਵੰਬਰ ਦੀਆਂ ਤਾਰੀਖ਼ਾਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਹਨ। ਪਹਿਲਾਂ ਵੀ ਇਨ੍ਹਾਂ ਤਾਰੀਖ਼ਾਂ ‘ਤੇ ਪ੍ਰੋਗਰਾਮ ਨਾ ਰੱਖਣ ਦੀ ਅਪੀਲ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਸਮਾਗਮ ਕਰਵਾਉਣਾ 1984 ਦੇ ਪੀੜਤ ਸਿੱਖ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ। ਹੁਣ ਦੇਖਣਾ ਹੋਵੇਗਾ ਕਿ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ।

