ਨਿਊਜ਼ ਡੈਸਕ: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅਫਰੀਦੀ ਭਾਈਚਾਰੇ ਦੇ ਰਹਿਣ ਵਾਲੇ ਇਲਾਕੇ ਵਿੱਚ ਇੱਕ ਨਿੱਜੀ ਸਕੂਲ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 27 ਬੱਚੇ ਸ਼ਾਮਿਲ ਹਨ। ਹਸਪਤਾਲ ਅਨੁਸਾਰ, ਇਸ ਘਟਨਾ ਵਿੱਚ 27 ਵਿਦਿਆਰਥੀਆਂ ਅਤੇ ਇੱਕ ਮਹਿਲਾ ਅਧਿਆਪਕਾ ਦੀ ਜਾਨ ਚਲੀ ਗਈ। ਬੱਚਿਆਂ ਦੀ ਉਮਰ 7 ਤੋਂ 13 ਸਾਲ ਦੇ ਵਿਚਕਾਰ ਸੀ।
ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿੱਚ ਇੱਕ ਸਕੂਲ ਦੀ ਛੱਤ ਡਿੱਗਣ ਕਾਰਨ 27 ਵਿਦਿਆਰਥੀਆਂ ਅਤੇ ਇੱਕ ਅਧਿਆਪਕ ਦੀ ਮੌਤ ਹੋ ਗਈ। ਪੇਸ਼ਾਵਰ ਦੇ ‘ਲੇਡੀ ਰੀਡਿੰਗ ਹਸਪਤਾਲ’ ਦੇ ਆਸਿਮ ਖਾਨ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਛੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਅਰਦਾਸ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਨਾ ਪੂਰੇ ਜਾਣ ਵਾਲੇ ਘਾਟੇ ਨੂੰ ਸਹਿਣ ਕਰਨ ਦੀ ਤਾਕਤ ਅਤੇ ਧੀਰਜ ਮਿਲੇ। ਲੇਡੀ ਰੀਡਿੰਗ ਹਸਪਤਾਲ (LRH) ਦੇ ਬੁਲਾਰੇ ਮੁਹੰਮਦ ਆਸਿਮ ਨੇ ਦੱਸਿਆ ਕਿ ਜਿਹੜੇ ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 13 ਸਾਲ ਜਾਂ ਇਸ ਤੋਂ ਘੱਟ ਸੀ। ਬੁਲਾਰੇ ਨੇ ਦੱਸਿਆ ਕਿ ਹਸਪਤਾਲ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਬਚਾਅ ਕਾਰਜਾਂ ਅਤੇ ਰਾਹਤ ਕੰਮਾਂ ਨੂੰ ਅੰਜਾਮ ਦੇਣ ਲਈ ‘ਰੈਸਕਿਊ 1122’ (Rescue 1122) ਦੀਆਂ ਐਂਬੂਲੈਂਸਾਂ ਅਤੇ ਆਫ਼ਤ ਰਾਹਤ ਵਾਹਨ ਮੌਕੇ ‘ਤੇ ਪਹੁੰਚ ਗਏ। ਖੋਜ ਮੁਹਿੰਮਾਂ ਜਾਰੀ ਹਨ, ਕਿਉਂਕਿ ਖਦਸ਼ਾ ਹੈ ਕਿ ਮਲਬੇ ਹੇਠ ਹੋਰ ਲੋਕ ਫਸੇ ਹੋ ਸਕਦੇ ਹਨ। ਇਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਪੈਦਾ ਹੋ ਗਈ ਹੈ।

